Punjab

ਬੱਬਰ ਖ਼ਾਲਸਾ ਦੇ ਦੋ ਅੱਤਵਾਦੀ ਗਿ੍ਫ਼ਤਾਰ, ਗੁਰਲਾਲ ਨੇ ਹਥਿਆਰ ਬਰਾਮਦ ਕਰਨ ਲਈ ਜਾ ਰਹੀ ਪੁਲਿਸ ਟੀਮ ’ਤੇ ਕੀਤੀ ਗੋਲੀਬਾਰੀ

ਸੁਲਤਾਨਵਿੰਡ, 2 ਜੂਨ ਅੱਤਵਾਦੀ ਸੰਗਠਨ ਬੱਬਰ ਖਾਲਸਾ ਦੇ ਦੋ ਅੱਤਵਾਦੀਆਂ ਨੂੰ ਥਾਣਾ ਬੀ ਡਵੀਜ਼ਨ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਅੱਤਵਾਦੀ ਗੁਰਲਾਲ ਸਿੰਘ ਵੱਲੋਂ ਦਿੱਤੀ ਗਈ ਸੂਚਨਾ ’ਤੇ ਹਥਿਆਰ ਬਰਾਮਦ ਕਰਨ ਲਈ ਪਹੁੰਚੀ ਪੁਲਿਸ ’ਤੇ ਅੱਤਵਾਦੀ ਨੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿਚ ਪੁਲਿਸ ਨੇ ਗੁਰਲਾਲ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇੱਕ ਪਿਸਤੌਲ, ਮੈਗਜ਼ੀਨ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵਾਂ ਨੇ 17 ਮਈ ਦੀ ਰਾਤ ਨੂੰ ਸੁਲਤਾਨਵਿੰਡ ਖੇਤਰ ਵਿਚ ਫਰਨੀਚਰ ਸ਼ੋਅਰੂਮ ਦੇ ਬਾਹਰ ਗੋਲੀਆਂ ਚਲਾਈਆਂ ਸਨ ਅਤੇ ਉਸ ਦੇ ਕਰਮਚਾਰੀ ਪ੍ਰਿੰਸ ਸ਼ਰਮਾ ਨੂੰ ਜ਼ਖਮੀ ਕਰ ਦਿੱਤਾ ਸੀ। ਮੁਲਜ਼ਮ ਵਿਦੇਸ਼ ਵਿਚ ਬੈਠੇ ਗੈਂਗਸਟਰ ਤੋਂ ਅੱਤਵਾਦੀ ਬਣੇ ਜੀਵਨ ਫੌਜੀ ਦੇ ਨਿਰਦੇਸ਼ਾਂ ’ਤੇ ਅਪਰਾਧਿਕ ਕਾਰਵਾਈਆਂ ਕਰ ਰਹੇ ਸਨ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਤਰਨਤਾਰਨ ਜ਼ਿਲ੍ਹੇ ਦੇ ਗੋਇੰਦਵਾਲ ਦੇ ਰਹਿਣ ਵਾਲੇ ਗੁਰਲਾਲ ਸਿੰਘ ਅਤੇ ਤਰਨਤਾਰਨ ਦੇ ਵੈਰੋਵਾਲ ਦੇ ਰਹਿਣ ਵਾਲੇ ਕਾਰਜਪ੍ਰੀਤ ਸਿੰਘ ਵਜੋਂ ਕੀਤੀ ਹੈ। ਸੀਪੀ ਨੇ ਦੱਸਿਆ ਕਿ 17 ਮਈ ਦੀ ਰਾਤ ਨੂੰ ਮਨਵੀਰ ਸਿੰਘ ਨੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਗੋਲੀਬਾਰੀ ਅਤੇ ਫਿਰੌਤੀ ਮੰਗਣ ਦਾ ਮਾਮਲਾ ਦਰਜ ਕਰਵਾਇਆ ਸੀ। ਮੁਲਜ਼ਮਾਂ ਨੇ ਗੋਲੀਆਂ ਚਲਾਈਆਂ ਸਨ ਅਤੇ ਦੁਕਾਨ ’ਤੇ ਕੰਮ ਕਰਨ ਵਾਲੇ ਇੱਕ ਮਜ਼ਦੂਰ ਸੰਨੀ ਸ਼ਰਮਾ ਨੂੰ ਜ਼ਖਮੀ ਕਰ ਦਿੱਤਾ ਸੀ। ਮੁਲਜ਼ਮ ਬਾਈਕ ’ਤੇ ਭੱਜ ਗਏ। ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ’ਤੇ ਕੰਮ ਕਰਦੇ ਹੋਏ ਪੁਲਿਸ ਨੇ 26 ਮਈ ਨੂੰ ਕਾਰਜਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਸ਼ੁੱਕਰਵਾਰ ਰਾਤ ਗੁਰਲਾਲ ਸਿੰਘ ਉਰਫ਼ ਹਰਮਨ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਗੁਰਲਾਲ ਨੇ ਮੰਨਿਆ ਕਿ ਉਸ ਨੇ ਸੁਲਤਾਨਵਿੰਡ ਪਿੰਡ ਦੇ ਸਾਹਮਣੇ ਖੇਤਾਂ ਵਿਚ ਪਿਸਤੌਲ ਲੁਕੋਇਆ ਸੀ। ਐਤਵਾਰ ਸਵੇਰੇ ਪੁਲਿਸ ਗੁਰਲਾਲ ਕੋਲੋਂ ਪਿਸਤੌਲ ਬਰਾਮਦ ਕਰਨ ਪਹੁੰਚੀ। ਮੁਲਜ਼ਮ ਨੂੰ ਪਿਸਤੌਲ ਦੀ ਭਾਲ ਲਈ ਆਜ਼ਾਦ ਛੱਡ ਦਿੱਤਾ ਗਿਆ। ਹਾਲਾਂਕਿ ਪੁਲਿਸ ਕਰਮਚਾਰੀ ਵੀ ਉਸ ਨਾਲ ਮੌਜੂਦ ਸਨ ਪਰ ਜਿਵੇਂ ਹੀ ਪਿਸਤੌਲ ਉਸ ਦੇ ਹੱਥ ਵਿਚ ਆਇਆ, ਮੁਲਜ਼ਮ ਨੇ ਪੁਲਿਸ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਮੁਲਜ਼ਮ ਤੋਂ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਗੋਲੀ ਚੱਲੀ ਅਤੇ ਗੁਰਲਾਲ ਦੀ ਲੱਤ ’ਤੇ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੁਰਲਾਲ ਵਿਦੇਸ਼ ਵਿਚ ਬੈਠੇ ਅੱਤਵਾਦੀ ਜੀਵਨ ਫੌਜੀ ਨਾਲ ਮੋਬਾਈਲ ’ਤੇ ਗੱਲ ਕਰ ਰਿਹਾ ਸੀ ਅਤੇ ਪੈਸੇ ਵਸੂਲ ਰਿਹਾ ਸੀ।

Related Articles

Leave a Reply

Your email address will not be published. Required fields are marked *

Back to top button