Punjab

ਬੱਚੀ ਸਮੇਤ ਮਾਂ ਨੇ ਰੇਲ ਗੱਡੀ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ

ਪਟਿਆਲਾ, 11 ਜੁਲਾਈ : ਸ਼ਹਿਰ ਦੇ 23 ਤੇ 24 ਨੰਬਰ ਰੇਲਵੇ ਫਾਟਕ ਕੋਲ ਇਕ ਮਾਂ ਨੇ 10 ਮਹੀਨੇ ਦੀ ਬੱਚੀ ਸਮੇਤ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਕੌਰ (22) ਵਾਸੀ ਧਾਮੋਮਾਜਰਾ ਵਜੋਂ ਹੋਈ, ਜਿਸ ਦੇ ਹੱਥ ’ਚ ਫੜੀ 10 ਮਹੀਨੇ ਦੀ ਬੱਚੀ ਵੀ ਰੇਲ ਗੱਡੀ ਦੀ ਲਪੇਟ ’ਚ ਆ ਗਈ। ਮਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਬੱਚੀ ਨੂੰ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਗੁਰਪ੍ਰੀਤ ਕੌਰ ਦੇ ਪੇਕੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ ’ਤੇ ਲੜਕੀ ਨੂੰ ਤੰਗ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਹੈ। ਜੀਆਰਪੀ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਗੁਰਜੰਟ ਸਿੰਘ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੇ ਤਾਇਆ ਜਸਪਾਲ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਦਾ ਪਤੀ ਤੇ ਸਹੁਰੇ ਪਰਿਵਾਰ ਉਸ ਦੀ ਕੁੱਟਮਾਰ ਕਰਦਾ ਸੀ। ਉਨ੍ਹਾਂ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਇਕ ਵਾਰ ਸਮਝੌਤਾ ਵੀ ਹੋਇਆ ਸੀ ਪਰ ਫਿਰ ਤੋਂ ਤੰਗ ਪਰੇਸ਼ਾਨ ਕੀਤਾ ਜਾਣ ਲੱਗਾ। ਜਸਪਾਲ ਸਿੰਘ ਦਾ ਦੋਸ਼ ਹੈ ਕਿ ਮੰਗਲਵਾਰ ਨੂੰ ਵੀ ਗੁਰਪ੍ਰੀਤ ਨਾਲ ਕੁੱਟਮਾਰ ਕੀਤੀ ਗਈ ਸੀ। ਮੰਗਲਵਾਰ ਸਵੇਰੇ ਗੁਰਪ੍ਰੀਤ ਆਪਣੇ ਵੱਡੇ ਲੜਕੇ ਨੂੰ ਸਕੂਲ ਛੱਡਣ ਗਈ ਸੀ, ਜਿਸ ਦੀ ਗੋਦ ’ਚ 10 ਮਹੀਨੇ ਦੀ ਬੱਚੀ ਵੀ ਸੀ। ਲੜਕੇ ਨੂੰ ਸਕੂਲ ਛੱਡਣ ਮਗਰੋਂ ਉਹ ਘਰ ਨਹੀਂ ਪੁੱਜੀ ਤੇ ਰੇਲ ਗੱਡੀ ਹੇਠਾਂ ਆਉਣ ਕਰ ਕੇ ਮੌਤ ਦੀ ਸੂਚਨਾ ਮਿਲੀ ਹੈ।

Related Articles

Leave a Reply

Your email address will not be published. Required fields are marked *

Back to top button