ਬੰਦੀ ਸਿੰਘਾਂ ਦੀ ਰਿਹਾਈ ਤੇ ਬੇਅਦਬੀ ਦੇ ਦੋਖ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੌਮੀ ਇਨਸਾਫ਼ ਮੋਰਚਾ ਕੱਢਿਆ ਰੋਸ ਮਾਰਚ
ਰਾਸ਼ਟਰਪਤੀ ਤੇ ਗਵਰਨਰ ਦੇ ਨਾਂਅ ਐੱਸ.ਡੀ.ਐਮ. ਨੂੰ ਸੌਂਪਿਆ ਮੰਗ ਪੱਤਰ

ਬਾਲ ਕਿਸ਼ਨ
ਫ਼ਿਰੋਜ਼ਪੁਰ, 29 ਮਾਰਚ- ਬੰਦੀ ਸਿੰਘਾਂ ਦੀ ਰਿਹਾਈ ਤੇ ਬੇਅਦਬੀ ਦੇ ਦੋਖ਼ੀਆਂ ਨੂੰ ਸਜ਼ਾਵਾਂ ਦੇ ਕੇ ਬਣਦੇ ਇਨਸਾਫ਼ ਲੈਣ ਲਈ ਕੌਮੀ ਇਨਸਾਫ਼ ਮੋਰਚੇ ਦੀ ਅਗਵਾਈ ਹੇਠ ਸਿੱਖ ਧਰਮ ਦੀਆਂ ਵੱਖ–ਵੱਖ ਜਥੇਬੰਦੀਆਂ ਦੇ ਆਗੂਆਂ ਦੀ ਇਕ ਵਿਸ਼ੇਸ਼ ਇਕੱਤਰਤਾ ਖ਼ਾਲਸਾ ਗੁਰਦੁਆਰਾ ਫ਼ਿਰੋਜ਼ਪੁਰ ਛਾਉਣੀ ਵਿਖੇ ਹੋਈ, ਜਿਸ ਉਪਰੰਤ ਜਥੇਬੰਦੀਆਂ ਵੱਲੋਂ ਰੋਸ ਮਾਰਚ ਕੱਢਦੇ ਹੋਏ ਐੱਸ.ਡੀ.ਐਮ. ਦਫ਼ਤਰ ਪਹੁੰਚ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਕੌਮੀ ਇਨਸਾਫ਼ ਮੋਰਚੇ ਦੇ ਮੈਂਬਰ ਬਲਵਿੰਦਰ ਸਿੰਘ ਨੇ ਕਿਹਾ ਕਿ ਅੱਜ ਦੇਸ਼ ਦੇ ਰਾਸ਼ਟਰਪਤੀ ਅਤੇ ਸੂਬੇ ਦੇ ਗਵਰਨਰ ਨੂੰ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਤੇ ਬੇਅਦਬੀ ਦੇ ਦੋਖ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਬ ਡਵੀਜ਼ਨਾਂ ਵਿੱਚ ਇਹ ਮੈਮੋਰੰਡਮ ਸਬ ਡਵੀਜ਼ਨਲ ਮਜਿਸਟਰੇਟ ਰਾਹੀਂ ਭੇਜੇ ਗਏ ਹਨ। ਇਹ ਇਨਸਾਫ਼ ਮਾਰਚ ਅਤੇ ਮੰਗ ਪੱਤਰ ਦੇਣ ਸਮੇਂ ਕਿਸਾਨ–ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਅਤੇ ਵੱਖ–ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ। ਕਿਸਾਨ ਤੇ ਸਿੱਖ ਆਗੂ ਬੁਲਾਰਿਆਂ ਨੇ ਕਿਹਾ ਕਿ ਕਿ ਸਾਰੇ ਧਾਰਮਿਕ ਗ੍ਰੰਥਾਂ ਦੀ ਰਾਖੀ ਲਈ ਵਿਧਾਨ ਸਭਾ ਵਲੋਂ ਪਾਸ ਕੀਤਾ ਗਿਆ ਸਖ਼ਤ ਕਾਨੂੰਨ ਨਾ ਬਣਾਉਣਾ ਇਹ ਸਾਫ਼ ਕਰਦਾ ਹੈ ਕਿ ਧਰਮਾਂ ਦੇ ਨਾਂਅ ’ਤੇ ਲੜਾਈ ਨੂੰ ਜਾਰੀ ਰੱਖਣਾ ਸਰਕਾਰੀ ਨੀਤੀ ਦਾ ਹੀ ਇਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਦੇਸ਼ ਵਾਸੀਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਾ ਦੇ ਕੇ ਸਿਰਫ਼ ਧਰਮਾਂ, ਜਾਤਾਂ ਅਤੇ ਵਰਗਾਂ ਦੀ ਆਪਸੀ ਫੁੱਟ ਅਤੇ ਅਰਾਜਕਤਾ ਨਾਲ ਹੀ ਰਾਜ ਕਰਨ ਦਾ ਯਤਨ ਕਰ ਰਹੀ ਹੈ। ਸਾਰੀਆਂ ਰਾਜਸੀ ਪਾਰਟੀਆਂ ਇੱਕੋ ਰਾਹ ਚੱਲ ਰਹੀਆਂ ਹਨ ਅਤੇ ਦੇਸ਼ ਦੇ ਚੰਦ ਕਾਰਪੋਰੇਟ ਘਰਾਣਿਆਂ ਅਤੇ ਰਾਜ ਕਰਨ ਵਾਲੇ ਸਰਮਾਏਦਾਰ ਲੋਕਾਂ ਦੀ ਮਿਲੀਭੁਗਤ ਹੈ। ਲੋਕਾਂ ਨੂੰ ਸਰਕਾਰ ਦੀਆਂ ਨੀਤੀਆਂ ਨੂੰ ਸਮਝਣਾ ਪਵੇਗਾ ਅਤੇ ਦਮਨ ’ਤੇ ਲੁੱਟ ਨੂੰ ਰੋਕਣ ਲਈ ਹੱਕ–ਸੱਚ ਅਤੇ ਇਨਸਾਫ਼ ਦੀ ਲੜਾਈ ਮਿਲ ਕੇ ਲੜਨੀ ਪਵੇਗੀ। ਪੰਜਾਬ ਵਿਚ ਹੋ ਰਹੇ ਅੱਜ ਦੇ ਇਹ ਪ੍ਰੋਗਰਾਮ ਇਸਦੀ ਸ਼ੁਰੂਆਤ ਹਨ। ਇਸ ਮੌਕੇ ਨਿਰਵੈਰ ਖਾਲਸਾ ਕਵੀਸ਼ਰੀ ਜੱਥਾ, ਬਾਬਾ ਸਤਨਾਮ ਸਿੰਘ ਬਲੀਆਂ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ, ਅਵਤਾਰ ਸਿੰਘ ਮਹਿਮਾ, ਦਿਲਬਾਗ ਸਿੰਘ ਸੁਰ ਸਿੰਘ ਵਾਲਾ, ਗੁਰਜਜ ਸਿੰਘ ਸਾਂਦੇ ਹਾਸ਼ਮ, ਓਮ ਪ੍ਰਕਾਸ਼ ਲੱਖਾ (ਕੇ.ਕਿ.ਯੂ), ਭਾਈ ਲਖਵੀਰ ਸਿੰਘ ਪੰਜਾਬ ਪ੍ਰਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਗੁਰਵਿੰਦਰ ਸਿੰਘ ਮੋਹਕਮ ਵਾਲਾ, ਸੁਖਮੰਦਰ ਸਿੰਘ ਮਿਸ਼ਰੀ ਵਾਲਾ, ਕੁਲਵਿੰਦਰ ਸਿੰਘ (ਕਿਸਾਨ ਆਗੂ ਤੋਤੇਵਾਲ), ਬੂਟਾ ਸਿੰਘ ਸੰਗਤਪੁਰਾ, ਮਲਕੀਤ ਸਿੰਘ ਪੰਜਾਬ ਪ੍ਰਧਾਨ ਕਿਸਾਨ–ਮਜ਼ਦੂਰ ਮੋਰਚਾ, ਜਸਪਾਲ ਸਿੰਘ ਸਾਬਕਾ ਡੀ.ਐੱਸ.ਪੀ ਮੁਲਾਜ਼ਮ ਆਗੂ, ਜੋਗਿੰਦਰ ਸਿੰਘ ਪ੍ਰਧਾਨ, ਸੋਹਣ ਸਿੰਘ ਜਨਰਲ ਸਕੱਤਰ ਮਜ਼ਦੂਰ ਸੁਸਾਇਟੀ ਫ਼ਿਰੋਜ਼ਪੁਰ, ਕੁਲਦੀਪ ਸਿੰਘ, ਅਮਰਜੀਤ ਕੌਰ, ਮਨਜੀਤ ਕੌਰ, ਬੱਗਾ ਸਿੰਘ ਪ੍ਰਧਾਨ ਮਜ਼ਦੂਰ ਵੈੱਲਫੇਅਰ ਜਥੇਬੰਦੀ, ਡਾ: ਰੂਪ ਸਿੰਘ, ਗੁਰਬਚਨ ਲਾਲ, ਜਸਬੀਰ ਸਿੰਘ ਤੇ ਸੁਖਦੇਵ ਸਿੰਘ ਪਿਆਰੇਆਣਾ ਹਾਜ਼ਰ ਸਨ।



