ਬ੍ਰਿਟੇਨ ‘ਚ ਨਸ਼ੇ ਦੀ ਹਾਲਤ ‘ਚ ਭਾਰਤੀ ਮੂਲ ਦੇ ਵਿਅਕਤੀ ਨੇ ਆਪਣੀ ਮਾਂ ਦਾ ਕੀਤਾ ਕਤਲ
ਸੁਣਾਈ ਗਈ ਹੈ ਉਮਰ ਕੈਦ ਦੀ ਸਜ਼ਾ

ਲੰਡਨ, 14 ਸਤੰਬਰ : ਬਰਤਾਨੀਆ ਵਿਚ ਬਰਮਿੰਘਮ ਕ੍ਰਾਊਨ ਕੋਰਟ ਨੇ ਸ਼ੁੱਕਰਵਾਰ ਨੂੰ ਮਾਂ ਦਾ ਕਤਲ ਕਰਨ ਵਾਲੇ ਭਾਰਤੀ ਮੂਲ ਦੇ ਸ਼ਖ਼ਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਦੇ ਨਾਲ ਹੀ ਕਿਹਾ ਕਿ ਉਸ ਨੂੰ ਪੈਰੋਲ ਦੇਣ ਤੋਂ ਪਹਿਲਾਂ ਘੱਟ ਤੋਂ ਘੱਟ 15 ਸਾਲ ਦੀ ਜੇਲ੍ਹ ਦੀ ਕੈਦ ਕੱਟਣੀ ਪਵੇਗੀ। ਵੈਸਟ ਮਿਡਲੈਂਡਸ ਪੁਲਿਸ ਦੇ ਡਿਟੈਕਟਿਵ ਇੰਸਪੈਕਟਰ ਨਿਕ ਬਾਰਨਸ ਨੇ ਕਿਹਾ ਕਿ ਇਸ ਕਤਲ ਨੇ ਇਕ ਪਰਿਵਾਰ ਤੋੜ ਦਿੱਤਾ ਹੈ। ਸੁਰਜੀਤ ਸਿੰਘ ਬਰਮਿੰਘਮ ਦੇ ਸੋਹੋ ਇਲਾਕੇ ਵਿਚ ਆਪਣੀ 76 ਸਾਲਾ ਮਾਂ ਮਹਿੰਦਰ ਕੌਰ ਨਾਲ ਰਹਿ ਰਿਹਾ ਸੀ। ਕਤਲ ਦੀ ਘਟਨਾ ਪਿਛਲੇ ਸਾਲ ਸਤੰਬਰ ਦੀ ਹੈ। ਨਸ਼ੇ ਦੀ ਹਾਲਤ ’ਚ ਸੁਰਜੀਤ ਘਰ ਪੁੱਜਾ ਸੀ। ਜਦੋਂ ਉਸ ਦੀ ਮਾਂ ਨੇ ਉਸ ਨੂੰ ਟੋਕਿਆ ਤਾਂ ਉਸ ਨੇ ਆਪਣਾ ਆਪ ਗੁਆ ਦਿੱਤਾ ਤੇ ਮਾਂ ’ਤੇ ਹਮਲਾ ਕਰ ਦਿੱਤਾ। ਉਸ ਨੇ ਆਪਣੀ ਮਾਂ ਨੂੰ ਲੱਤ ਮਾਰੀ, ਜਿਸ ਕਾਰਨ ਬਿਰਧ ਔਰਤ ਨੂੰ ਗੰਭੀਰ ਸੱਟਾਂ ਲੱਗ ਗਈਆਂ। ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ। ਮੌਕੇ ’ਤੇ ਪੁੱਜੀ ਪੁਲਿਸ ਨੇ ਬਿਰਧ ਔਰਤ ਨੂੰ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ, ਹਾਲਾਂਕਿ ਉਸ ਦੀ ਜਾਨ ਨਹੀਂ ਬਚ ਸਕੀ। ਬਾਅਦ ਵਿਚ ਮੁਲਜ਼ਮ ਸੁਰਜੀਤ ਦੇ ਖ਼ੂਨ ਦੀ ਜਾਂਚ ਕਰਵਾਈ ਗਈ ਤਾਂ ਪਤਾ ਲੱਗਾ ਕਿ ਉਸ ਨੇ ਕੋਕੀਨ ਤੇ ਅਲਕੋਹਲ ਦੀ ਵਰਤੋਂ ਕੀਤੀ ਹੋਈ ਸੀ।



