Punjab

ਬੈਂਕ ਮੈਨੇਜਰ ’ਤੇ ਗੋਲੀ ਚਲਾਉਣ ਵਾਲਾ ਮੁੱਖ ਮੁਲਜ਼ਮ ਗ੍ਰਿਫਤਾਰ, ਪਿਸਤੌਲ ਬਰਾਮਦ

ਲੁਧਿਆਣਾ, 16 ਅਕਤੂਬਰ : ਫਿਰੋਜ਼ ਗਾਂਧੀ ਮਾਰਕੀਟ ਸਥਿਤ ਆਈਸੀਆਈਸੀਆਈ ਬੈਂਕ ਦੇ ਮੈਨੇਜਰ ਵਿਸ਼ਾਲ ਬਾਂਸਲ ਉੱਪਰ ਗੋਲੀ ਚਲਾਉਣ ਵਾਲੇ ਮੁੱਖ ਮੁਲਜ਼ਮ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਚੋਂ ਪਿਸਤੌਲ ਬਰਾਮਦ ਕੀਤੀ ਗਈ ਹੈ। ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ 25 ਸਤੰਬਰ ਨੂੰ ਮੈਨੇਜਰ ਦੇ ਮੋਢੇ ਤੇ ਉਸ ਵੇਲੇ ਗੋਲੀ ਮਾਰੀ ਸੀ ਜਦੋਂ ਉਹ ਬੈਂਕ ਚੋਂ ਬਾਹਰ ਨਿਕਲ ਕੇ ਆਪਣੀ ਕਾਰ ਵੱਲ ਜਾ ਰਿਹਾ ਸੀ। ਜਾਣਕਾਰੀ ਦਿੰਦਿਆਂ ਏਡੀਸੀਪੀ ਅਮਨਦੀਪ ਸਿੰਘ ਬਰਾੜ ਤੇ ਸੀਆਈਏ ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਮੁਹੰਮਦ ਸ਼ਾਹਿਦ ਰਜ਼ਾ ਅੰਸਾਰੀ ਉਰਫ ਸ਼ੈਰੀ ਵਜੋਂ ਹੋਈ ਹੈ। ਇਸ ਮਾਮਲੇ ’ਚ 3 ਮੁਲਜ਼ਮ ਦੀਪਕ ਮਹਿਰਾਜ, ਲਲਿਤ ਕੁਮਾਰ ਅਤੇ ਸੰਦੀਪ ਪਹਿਲਾਂ ਤੋਂ ਹੀ ਪੁਲਿਸ ਦੀ ਗ੍ਰਿਫਤ ’ਚ ਹਨ। ਸ਼ੈਰੀ ਦੀ ਗ੍ਰਿਫਤਾਰੀ ਤੋਂ ਬਾਅਦ ਬੰਟੀ ਨਾਮ ਦੇ ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ, ਪੁਲਿਸ ਉਸ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਵੇਗੀ। 25 ਸਤੰਬਰ ਦੀ ਸ਼ਾਮ ਨੂੰ ਹਰ ਰੋਜ਼ ਵਾਂਗ ਬੈਂਕ ਮੈਨੇਜਰ ਆਪਣੇ ਦਫਤਰ ਚੋਂ ਬਾਹਰ ਨਿਕਲ ਕੇ ਕਾਰ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਕਾਰ ਦੇ ਲਾਗੇ ਪਹੁੰਚਿਆ ਤਾਂ ਕੁਝ ਵਿਅਕਤੀ ਪਹਿਲਾਂ ਤੋਂ ਹੀ ਮੌਕੇ ’ਤੇ ਖੜ੍ਹੇ ਸਨ। ਬਾਈਕ ਸਵਾਰ ਬਦਮਾਸ਼ਾਂ ਨੇ ਉਸ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਗੋਲੀ ਬੈਂਕ ਮੈਨੇਜਰ ਬਾਂਸਲ ਦੇ ਮੋਢੇ ਤੇ ਵੱਜੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਜਦ ਇਸ ਮਾਮਲੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਕਈ ਸਾਰੇ ਖੁਲਾਸੇ ਹੋਏ। ਪੁਲਿਸ ਨੂੰ ਇਸ ਮਾਮਲੇ ’ਚ ਲੀਡ ਮਿਲੀ ਅਤੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕੀਤੀ ਗਈ। ਕਾਰਵਾਈ ਕਰਦਿਆਂ ਪੁਲਿਸ ਨੇ ਪਹਿਲਾਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਮੁਹੰਮਦ ਸ਼ਾਹਿਦ ਨੂੰ ਕਾਬੂ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੈਂਕ ਮੈਨੇਜਰ ਵਿਸ਼ਾਲ ਬਾਂਸਲ ਦੀ ਕਾਰ ਨਾਲ ਦੀਪਕ ਮਹਿਰਾ ਦੀ ਮਾਤਾ ਦਾ ਐਕਸੀਡੈਂਟ ਹੋਇਆ ਸੀ। ਇਸ ਘਟਨਾ ਤੋਂ ਦੀਪਕ ਮਹਿਰਾ ਬੇਹਦ ਖਫਾ ਸੀ। ਉਸ ਨੇ ਆਪਣੇ ਸਾਥੀਆਂ ਦੀ ਮਦਦ ਲੈ ਕੇ ਵਿਸ਼ਾਲ ਬਾਂਸਲ ਨੂੰ ਕਤਲ ਕਰਨ ਦੀ ਵਿਊਤ ਘੜੀ ਅਤੇ ਉਸ ਦਿਨ ਉਸ ਉੱਪਰ ਗੋਲੀ ਚਲਾ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਕੋਲੋਂ ਲਗਾਤਾਰ ਪੁੱਛ ਗਿੱਛ ਕੀਤੀ ਜਾ ਰਹੀ ਹੈ। ਪੜਤਾਲ ਦੇ ਦੌਰਾਨ ਕਈ ਖੁਲਾਸੇ ਹੋਣਗੇ।

Related Articles

Leave a Reply

Your email address will not be published. Required fields are marked *

Back to top button