
ਫ਼ਿਰੋਜ਼ਪੁਰ, 2 ਜਨਵਰੀ (ਜਸਵਿੰਦਰ ਸਿੰਘ ਸੰਧੂ)– ਫਿਰੋਜ਼ਪੁਰ ’ਚ ਇਕ ਵਿਅਕਤੀ ਨੂੰ 60 ਹਜ਼ਾਰ ਰੁਪਏ ਦਾ ਮੁਦਰਾ ਲੋਨ ਦੱਸ ਕੇ ਉਸ ਪਾਸੋਂ 5 ਲੱਖ ਰੁਪਏ ਦੇ ਕਰਵਾ ਕੇ ਠੱਗੀ ਮਾਰਨ ਵਾਲੇ ਬੈਂਕ ਮੈਨੇਜਰ ਸਮੇਤ 6 ਵਿਅਕਤੀਆਂ ਖਿਲਾਫ ਥਾਣਾ ਸਿਟੀ ਫਿਰੋਜਪੁਰ ਪੁਲਿਸ ਨੇ 420, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਦਰਖਾਸਤ/ਯੂਆਈਡੀ ਨੰਬਰ 404950 ਰਾਹੀਂ ਸੰਦੀਪ ਕਾਲੀਆ ਪੁੱਤਰ ਰਾਮ ਪ੍ਰਕਾਸ਼ ਕਾਲੀਆ ਵਾਸੀ ਮਕਾਨ ਨੰਬਰ 47 ਕੂਚਾ ਬਰਕਤ ਰਾਮ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਦੋਸ਼ੀਅਨ ਸੁਮਿਤ ਚਨਾਲੀਆ ਬੈਂਕ ਮੈਨੇਜਰ ਇੰਡੀਅਨ ਓਵਰਸੀਜ਼ ਬੈਂਕ ਸਿਟੀ ਫਿਰੋਜ਼ਪੁਰ, ਗਗਨਦੀਪ ਸਿੰਘ ਪੁੱਤਰ ਲਾਲ ਵਾਸੀ ਛੱਤੀ ਗਲੀ, ਕੂਚਾ ਬਰਕਤ ਰਾਮ ਸਿਟੀ ਫਿਰੋਜ਼ਪੁਰ, ਦੀਪਕ ਸ਼ਰਮਾ ਪੁੱਤਰ ਵਿਸ਼ਨੂੰ ਦਾਸ, ਰਚਿਤ ਗਰੋਵਰ ਪੁੱਤਰ ਰਮੇਸ਼ ਗਰੋਵਰ, ਸਤਪਾਲ ਗਰੋਵਰ ਅਤੇ ਕਾਰਤਿਕ ਗਰੋਵਰ ਪੁੱਤਰ ਸਤਪਾਲ ਗਰੋਵਰ ਵਾਸੀਅਨ ਕੇਵੀਐੱਮ ਕਲੋਨੀ ਕੱਚਾ ਜ਼ੀਰਾ ਰੋਡ ਸਿਟੀ ਫਿਰੋਜ਼ਪੁਰ ਮਾਲਕ ਗਲੋਬਲ ਇੰਗ. ਖਰੜ ਸੈਕਟਰ 42 ਚੰਡੀਗੜ੍ਹ ਨੇ ਆਪਸ ਵਿਚ ਸਾਜ ਬਾਜ ਹੋ ਕੇ ਉਸ ਨੂੰ ਮੁਦਰਾ ਲੋਨ 60 ਹਜ਼ਾਰ ਰੁਪਏ ਦੱਸ ਕੇ ਉਸ ਪਾਸੋਂ 5 ਲੱਖ ਦੇ ਲੋਨ ਦਰਖਾਸਤਾਂ ਉਪਰ ਅਤੇ ਖਾਲੀ ਚੈੱਕਾਂ ਉਪਰ ਦਸਤਖਤ ਕਰਵਾ ਕੇ 5 ਲੱਖ ਰੁਪਏ ਦਾ ਲੋਨ ਮਨਜ਼ੂਰ ਕਰਵਾ ਲਿਆ। ਸੰਦੀਪ ਕਾਲੀਆ ਨੇ ਦੱਸਿਆ ਕਿ ਉਸ ਨੂੰ ਸਿਰਫ 45 ਹਜ਼ਾਰ ਰੁਪਏ ਦਿੱਤੇ ਤੇ ਬਾਕੀ ਰਕਮ ਗਲੋਬਲ ਇੰਗ. ਖਰੜ ਫਰਮ ਦੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ ਤੇ ਦੋਸ਼ੀਅਨ ਨੇ ਆਪ ਹੀ ਖਾਤੇ ਵਿਚੋਂ ਰਕਮ ਕਢਵਾ ਲਈ। ਸੰਦੀਪ ਕਾਲੀਆ ਨੇ ਦੱਸਿਆ ਕਿ ਇਸ ਤਰ੍ਹਾਂ ਉਕਤ ਦੋਸ਼ੀਅਨ ਨੇ ਮਿਲੀਭੁਗਤ ਕਰਕੇ ਉਸ ਨਾਲ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬਾਅਦ ਪੜਤਾਲ ਉਕਤ ਦੋਸ਼ੀਅਨ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।



