
ਭਿੱਖੀਵਿੰਡ, 14 ਮਈ- ਕਸਬਾ ਭਿੱਖੀਵਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਵੱਲੋਂ ਘਰ ’ਤੇ ਲਿਆ 25 ਲੱਖ ਦਾ ਕਰਜ਼ ਵਾਪਸ ਨਾ ਕਰਨ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਪਹੁੰਚ ਗਿਆ। ਜਿਸਦੇ ਚੱਲਦਿਆਂ ਹਾਈਕੋਰਟ ਦੇ ਹੁਕਮਾਂ ’ਤੇ ਆਈਸੀਸੀਆਈ ਬੈਂਕ ਦੇ ਅਧਿਕਾਰੀ ਤਹਿਸੀਲਦਾਰ ਅਤੇ ਭਾਰੀ ਪੁਲਿਸ ਫੋਰਸ ਸਣੇ ਘਰ ਦਾ ਕਬਜ਼ਾ ਲੈਣ ਲਈ ਪਹੁੰਚ ਗਏ। ਅੱਗੇ ਘਰ ਦੇ ਮੁਖੀ ਵੱਲੋਂ ਆਪਣੇ ਘਰ ਵਿਚ ਸ੍ਰੀ ਸਹਿਜ ਪਾਠ ਆਰੰਭ ਕਰਵਾਇਆ ਹੋਇਆ ਸੀ। ਜਿਸ ਤੋਂ ਬਾਅਦ ਘਰ ਦਾ ਕਬਜ਼ਾ ਲੈਣ ਪਹੁੰਚੇ ਅਧਿਕਾਰੀਆਂ ਅਤੇ ਘਰ ਦੇ ਮੁਖੀ ਸਮੇਤ ਜਥੇਬੰਦੀਆਂ ਦੀ ਤਕਰਾਰ ਹੋ ਗਈ। ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਤਿਕਾਰ ਕਮੇਟੀ ਅਤੇ ਸਿੱਖ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਤਾਂ ਸਤਿਕਾਰ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਸਮੇਤ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਜਥੇਦਾਰਾਂ ਵੱਲੋਂ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਗਿਆ ਕਿ 15 ਮਈ ਨੂੰ ਸ੍ਰੀ ਸਹਿਜ ਪਾਠ ਦੇ ਭੋਗ ਪੈਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਆਦਰ ਪੂਰਵਕ ਵਾਪਸ ਲਿਜਾਏ ਜਾਣਗੇ। ਜਿਸ ਤੋਂ ਬਾਅਦ ਪ੍ਰਸ਼ਾਸਨ ਕਾਨੂੰਨ ਅਨੁਸਾਰ ਘਰ ਦਾ ਕਬਜ਼ਾ ਲੈ ਸਕੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਂਕ ਮੈਨੇਜਰ ਅਮਿਤ ਕੁਮਾਰ ਨੇ ਦੱਸਿਆ ਕਿ ਆਈਸੀਆਈਸੀਆਈ ਬੈਂਕ ਅੰਮ੍ਰਿਤਸਰ ਪਾਸੋਂ ਭਿੱਖੀਵਿੰਡ ਦੇ ਵਸਨੀਕ ਕੁਲਦੀਪ ਚੋਪੜਾ ਨੇ ਤਕਰੀਬਨ 25 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਅਤੇ ਕਰਜ਼ੇ ਨੂੰ ਅਦਾ ਨਾ ਕਰਨ ਦੇ ਚੱਲਦਿਆਂ ਕਈ ਵਾਰ ਬੈਂਕ ਅਧਿਕਾਰੀਆਂ ਵੱਲੋਂ ਘਰ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ। ਪਰ ਹਰ ਵਾਰ ਹੀ ਘਰ ਦੇ ਮਾਲਕ ਕੁਲਦੀਪ ਚੋਪੜਾ ਵੱਲੋਂ ਘਰ ਵਿਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਦਿੱਤੇ ਜਾਂਦੇ ਸਨ। ਜਿਸ ਦੇ ਚੱਲਦਿਆਂ ਮਜਬੂਰੀ ਵਸ ਉਨ੍ਹਾਂ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ। ਜਿਸ ਤੋਂ ਬਾਅਦ ਅੱਜ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਈਕੋਰਟ ਦੇ ਹੁਕਮਾਂ ’ਤੇ ਉਨ੍ਹਾਂ ਨੂੰ ਕਬਜ਼ਾ ਦਿਵਾਉਣ ਲਈ ਪੁੱਜੇ। ਪਰ ਹਰ ਵਾਰ ਦੀ ਤਰ੍ਹਾਂ ਅੱਜ ਫਿਰ ਘਰ ਦੇ ਮੁਖੀ ਵੱਲੋਂ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਹੋਏ ਸਨ। ਉਨ੍ਹਾਂ ਕਿਹਾ ਕਿ ਘਰ ਦੇ ਮੁਖੀ ਵੱਲੋਂ ਅਜਿਹਾ ਕਰਕੇ ਗੁਰੂ ਸਾਹਿਬ ਦਾ ਨਿਰਾਦਰ ਕੀਤਾ ਜਾ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਘਰ ਦਾ ਕਬਜ਼ਾ ਦਵਾਇਆ ਜਾਵੇ ਅਤੇ ਹਾਈਕੋਰਟ ਦੇ ਹੁਕਮਾਂ ਦੀਆਂ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਉੱਥੇ ਹੀ ਘਰ ਦੇ ਮੁਖੀ ਕੁਲਦੀਪ ਚੋਪੜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਆਈਸੀਆਈਸੀਆਈ ਬੈਂਕ ਅੰਮ੍ਰਿਤਸਰ ਪਾਸੋਂ 25 ਲੱਖ ਰੁਪਏ ਦਾ ਕਰਜ਼ਾ ਲਿਆ ਗਿਆ ਸੀ। ਜਿਸ ਵਿੱਚੋਂ ਉਨ੍ਹਾਂ ਨੇ 10 ਲੱਖ ਰੁਪਏ ਦੀ ਰਕਮ ਮੋੜ ਦਿੱਤੀ। ਪਰ ਕੁਝ ਘਰੇਲੂ ਮਜਬੂਰੀਆਂ ਹੋਣ ਕਾਰਨ ਉਹ ਬੈਂਕ ਦਾ ਕਰਜ਼ਾ ਨਹੀਂ ਅਦਾ ਕਰ ਸਕੇ। ਜਿਸ ਕਰਕੇ ਬੈਂਕ ਨੇ ਵਿਆਜ ਪਾ ਕੇ ਰਕਮ ਨੂੰ ਫਿਰ ਦੁੱਗਣਾ ਕਰ ਦਿੱਤਾ ਹੈ। ਕੁਲਦੀਪ ਚੋਪੜਾ ਨੇ ਮੰਗ ਕੀਤੀ ਕਿ ਬੈਂਕ ਅਧਿਕਾਰੀ ਉਨ੍ਹਾਂ ਨਾਲ ਬੈਠ ਕੇ ਇਸ ਮਸਲੇ ਦਾ ਹੱਲ ਕਰਨ ਕਿਉਂਕਿ ਕੁਝ ਸਾਲ ਪਹਿਲਾਂ ਹੀ ਉਸ ਦਾ ਕਾਰੋਬਾਰ ਦੁਕਾਨ ਨੂੰ ਅੱਗ ਲੱਗਣ ਕਾਰਨ ਠੱਪ ਹੋ ਗਿਆ ਸੀ। ਜਿਸ ਕਾਰਨ ਉਹ ਆਰਥਿਕ ਤੰਗੀ ਝੱਲ ਰਿਹਾ ਹੈ। ਉਨ੍ਹਾਂ ਬੈਂਕ ਦੇ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਉਸ ਨਾਲ ਬੈਠ ਕੇ ਗੱਲ ਕੀਤੀ ਜਾਵੇ ਤਾਂ ਜੋ ਉਹ ਬਣਦੀ ਰਕਮ ਅਦਾ ਕਰਕੇ ਬੈਂਕ ਤੋਂ ਕਰਜ਼ਾ ਮੁਕਤ ਹੋ ਸਕੇ। ਇਸ ਮੌਕੇ ਤਹਿਸੀਲਦਾਰ ਭਿੱਖੀਵਿੰਡ ਜਤਿੰਦਰਪਾਲ ਸਿੰਘ ਅਤੇ ਐੱਸਪੀ ਡੀ ਅਜੇ ਰਾਜ ਸਿੰਘ ਨੇ ਕਿਹਾ ਕਿ ਹਾਈਕੋਰਟ ਦੇ ਹੁਕਮਾਂ ’ਤੇ ਉਹ ਬੈਂਕ ਅਧਿਕਾਰੀਆਂ ਨੂੰ ਘਰ ਦਾ ਕਬਜ਼ਾ ਦਵਾਉਣ ਲਈ ਪੁਲਿਸ ਫੋਰਸ ਨਾਲ ਪਹੁੰਚੇ ਸਨ। ਪਰ ਅੱਗੋਂ ਪਰਿਵਾਰ ਵਾਲਿਆਂ ਵੱਲੋਂ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਗਏ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ’ਤੇ ਪਹੁੰਚੇ ਐੱਸਜੀਪੀਸੀ ਦੇ ਅਧਿਕਾਰੀਆਂ ਅਤੇ ਸਤਿਕਾਰ ਕਮੇਟੀ ਦੇ ਆਗੂਆਂ ਨਾਲ ਗੱਲਬਾਤ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ 15 ਮਈ ਦਾ ਸਮਾਂ ਲਿਆ ਹੈ ਅਤੇ ਪਾਠ ਦੇ ਭੋਗ ਪੈਣ ਉਪਰੰਤ ਘਰ ਦਾ ਕਬਜ਼ਾ ਬੈਂਕ ਨੂੰ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ ਅਤੇ ਆਗੂ ਕਿਸੇ ਵੀ ਗੱਲ ਤੋਂ ਮੁਨੱਕਰ ਹੋ ਕੇ ਘਰ ਦਾ ਕਬਜ਼ਾ ਨਹੀਂ ਦਿੰਦੇ ਤਾਂ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।



