
ਤਰਨਤਾਰਨ, 10 ਅਗਸਤ : ਮੁੱਖ ਮੰਤਰੀ ਦੀ ਤਰਨਤਾਰਨ ਫੇਰੀ ਦੌਰਾਨ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ। ਜਿਸ ਲਈ ਯੂਨੀਅਨ ਦੇ ਆਗੂ ਮੀਟਿੰਗ ਲਈ ਹਾਜ਼ਰ ਵੀ ਰਹੇ, ਪਰ ਵਿਭਾਗ ਵੱਲੋਂ ਮੁੱਖ ਮੰਤਰੀ ਦੀ ਨਿੱਜੀ ਫੇਰੀ ਕਹਿ ਕੇ ਡੀਸੀ ਤਰਨਤਾਰਨ ਨੂੰ ਹੀ ਮਿਲਾਇਆ ਗਿਆ ਅਤੇ ਮੁੱਖ ਮੰਤਰੀ ਨਾਲ ਕਿਸੇ ਵੀ ਜਥੇਬੰਦੀ ਦੀ ਕੋਈ ਮੀਟਿੰਗ ਨਹੀਂ ਕਰਵਾਈ ਗਈ। ਸਬੰਧਤ ਅਧਿਕਾਰੀਆਂ ਵੱਲੋਂ ਆਉਣ ਵਾਲੇ ਦਿਨਾਂ ਵਿਚ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਨੰਦ ਸਿੰਘ ਬੱਲਿਆਂਵਾਲਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਿਚ ਭਰਤੀ ਕੈਲੰਡਰ ਲਾਗੂ ਕਰਨ ਦਾ ਵਾਅਦਾ ਕਰਕੇ, ਸਿੱਖਿਆ ਅਤੇ ਸਿਹਤ ਵਿਭਾਗ ਵਿਚ ਮਿਆਰੀ ਸੁਧਾਰ ਕਰਨ ਦੇ ਨਾਹਰੇ ਦੇ ਕੇ ਸੱਤਾ ਉੱਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਕਰੀਬ ਤਿੰਨ ਸਾਲਾਂ ਦੇ ਆਪਣੇ ਸ਼ਾਸਨ ਕਾਲ ਸਮੇਂ ਮਾਸਟਰ ਕੇਡਰ ਅਤੇ ਲੈਕਚਰਾਰ ਦੀ ਇੱਕ ਵੀ ਨਵੀਂ ਭਰਤੀ ਜਾਰੀ ਨਹੀਂ ਕੀਤੀ। ਉਨ੍ਹਾਂ ਦੱਸਿਆ ਕੇ ਬੇਰੁਜ਼ਗਾਰਾਂ ਵੱਲੋਂ ਲਗਾਤਾਰ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ ਪਰ ਸਰਕਾਰ ”ਤੇ ਕੋਈ ਅਸਰ ਨਹੀਂ ਹੋ ਰਿਹਾ। ਮੀਟਿੰਗਾਂ ਦੇ ਕੇ ਮੁਲਤਵੀ ਕਰਨਾ ਜਾਂ ਮੀਟਿੰਗਾਂ ਕਰਕੇ ਵਾਅਦਿਆ ਤੋਂ ਮੁਕਰਨਾ ਸਰਕਾਰ ਦੀ ਆਦਤ ਬਣ ਚੁੱਕੀ ਹੈ। ਪਿਛਲੀਆਂ ਸਰਕਾਰਾਂ ਨੂੰ ਭੰਡਣ ਵਾਲੀ ਸਰਕਾਰ ਉਨ੍ਹਾਂ ਤੋਂ ਵੀ ਚਾਰ ਕਦਮ ਅੱਗੇ ਚੱਲ ਰਹੀ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਸਮੇਂ ਮਾਸਟਰ ਕੇਡਰ ਤੇ ਲੈਕਚਰਾਰ ਦੀਆ ਭਰਤੀਆਂ ਹੋਈਆ ਪਰ ਸਮੇਂ ਦੀ ਆਮ ਆਦਮੀ ਸਰਕਾਰ ਵੱਲੋਂ ਅਜੇ ਤੱਕ ਕੋਈ ਭਰਤੀ ਨਹੀਂ ਕੀਤੀ ਗਈ। ਬੇਰੁਜ਼ਗਾਰਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਜਾ ਲਾਰੇ-ਲੱਪੇ ਲਾਉਣੇ ਜਾਰੀ ਰੱਖੇ ਅਤੇ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਉੱਤੇ ਉਮਰ ਹੱਦ ਛੋਟ ਦੇ ਕੇ ਭਰਤੀ ਦਾ ਇਸ਼ਤਿਹਾਰ ਜਾਰੀ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਬਲਗੇਰ ਸਿੰਘ ਨੇ ਦੱਸਿਆ ਕਿ ਮਾਸਟਰ ਕੇਡਰ ਵਿਚ ਥੋਪੀ ਬੇਤੁਕੀ 55 ਪ੍ਰਤੀਸ਼ਤ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਕਰਵਾਉਣ, ਲੈਕਚਰਾਰ ਦੀਆਂ ਰੱਦ ਕੀਤੀਆਂ 343 ਪੋਸਟਾਂ ਵਿਚ ਬਾਕੀ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਜੋੜ ਕੇ ਉਮਰ ਹੱਦ ਛੋਟ ਸਮੇਤ ਇਸ਼ਤਿਹਾਰ ਜਾਰੀ ਕਰਵਾਉਣ ਦੀਆਂ ਮੰਗਾਂ ਲਈ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ 14 ਅਗਸਤ ਨੂੰ ਪੱਕਾ ਧਰਨਾ ਲਗਾਇਆ ਜਾਵੇਗਾ। ਜੇਕਰ ਸਰਕਾਰ ਫਿਰ ਵੀ ਜਾਇਜ ਮੰਗਾਂ ਨੂੰ ਮੰਨ ਕੇ ਇਸ਼ਤਿਹਾਰ ਜਾਰੀ ਨਹੀਂ ਕਰਦੀ ਤਾਂ ਤਰਨਤਾਰਨ ਦੀ ਜਿਮਨੀ ਚੋਣ ਸਮੇਂ ਸਰਕਾਰ ਦਾ ਜਬਰਦਸਤ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਬਲਗੇਰ ਸਿੰਘ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਬਾਗੜੀਆਂ ਅਤੇ ਗੁਰਜਿੰਦਰ ਸਿੰਘ ਆਦਿ ਹਾਜ਼ਰ ਸਨ।



