
ਪਟਿਆਲਾ, 28 ਜੁਲਾਈ : ਸ਼ਹਿਰ ਦੇ ਬਾਹਰੀ ਇਲਾਕਿਆਂ ਚ ਗਲਤ ਤੇ ਗੈਰ-ਕਾਨੂੰਨੀ ਪਾਰਕਿੰਗ ਦੇ ਖ਼ਿਲਾਫ਼ ਮੁਹਿੰਮ ਚਲਾ ਰਹੀ ਟ੍ਰੈਫਿਕ ਪੁਲਿਸ ਹੁਣ ਬਾਜ਼ਾਰਾਂ ਵਿਚ ਵੀ ਗਲਤ ਪਾਰਕਿੰਗ ਤੋਂ ਨਿਜਾਤ ਦਿਵਾਉਣ ਲਈ ਮੈਦਾਨ ਚ ਉਤਰੇਗੀ। ਤਿਉਹਾਰੀ ਸੀਜਨ ਮੌਕੇ ਤੇ ਬਾਜ਼ਾਰਾਂ ਨੂੰ ਟ੍ਰੈਫਿਕ ਜਾਮ ਤੋਂ ਮੁਕਤ ਰੱਖਣ ਲਈ ਸੋਮਵਾਰ ਤੋਂ ਇਹ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜੋ ਵੀ ਵਾਹਨ ਗਲਤ ਢੰਗ ਨਾਲ ਪਾਰਕ ਕੀਤਾ ਗਿਆ ਹੋਵੇਗਾ, ਉਸ ਨੂੰ ਬਿਲਕੁਲ ਵੀ ਛੱਡਿਆ ਨਹੀਂ ਜਾਵੇਗਾ। ਟ੍ਰੈਫਿਕ ਸਿਟੀ ਵਨ ਦੀ ਟੀਮ ਟੋਅ ਕਰਨ ਵਾਲੀ ਗੱਡੀ ਤੇ ਅਫ਼ਸਰਾਂ ਦੇ ਨਾਲ ਮੌਕੇ ਤੇ ਮੌਜੂਦ ਰਹੇਗੀ। ਇਸ ਮੁਹਿੰਮ ਦੀ ਜ਼ਿੰਮੇਵਾਰੀ ਸਿਟੀ ਵਨ ਇੰਚਾਰਜ ਮੰਨਜੀਤ ਸਿੰਘ ਨੂੰ ਸੌਂਪੀ ਗਈ ਹੈ, ਜੋ ਕਿ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਲਗਭਗ 50 ਦੇ ਕਰੀਬ ਗਲਤ ਪਾਰਕਿੰਗ ਦੇ ਚਾਲਾਨ ਕਰ ਚੁੱਕੇ ਹਨ। ਹੁਣ ਇਸ ਮੁਹਿੰਮ ਦੀ ਅਗਲੀ ਕੜੀ ਚ ਬਾਜ਼ਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਟ੍ਰੈਫਿਕ ਪੁਲਿਸ ਦੀ ਟੀਮ ਸੋਮਵਾਰ ਤੋਂ ਸ਼ੇਰਾਂਵਾਲਾ ਗੇਟ ਤੋਂ ਗਲਤ ਪਾਰਕਿੰਗ ਵਾਲਿਆਂ ਵਾਹਨਾਂ ਦੇ ਖ਼ਿਲਾਫ਼ ਕਾਰਵਾਈ ਦੀ ਮੁਹਿੰਮ ਸ਼ੁਰੂ ਕਰੇਗੀ ਜੋ ਕਿ ਅਨਾਰਦਾਣਾ ਚੌਕ ਤੱਕ ਜਾਵੇਗੀ। ਪਹਿਲੇ ਪੜਾਅ ਵਿਚ ਕਾਰਵਾਈ ਸ਼ੇਰਾਂਵਾਲਾ ਗੇਟ,ਤਵੱਕਲੀ ਮੋੜ,ਧਰਮਪੁਰਾ ਬਾਜ਼ਾਰ,ਅਨਾਰਦਾਣਾ ਚੌਕ ਤੱਕ ਹੋਵੇਗੀ,ਦੂਜੇ ਪੜਾਅ ਵਿਚ ਅਨਾਰਦਾਣਾ ਚੌਕ ਤੋਂ ਜੌੜੀਆਂ ਭੱਠੀਆਂ,ਅਰਨਾ ਬਰਨਾ ਚੌਕ,,ਸਰਹਿੰਦੀ ਬਾਜ਼ਾਰ ਤੋਂ ਕਿਲਾ ਚੌਕ,ਸ਼ਾਹੀ ਸਮਾਧਾਂ ਰੋਡ, ਗੁੜ ਮੰਡੀ, ਅਦਾਲਤ ਬਾਜ਼ਾਰ, ਜੁੱਤੀ ਬਾਜ਼ਾਰ, ਲਾਹੌਰੀ ਗੇਟ ਮਾਰਕਿਟ, ਆਰੀਆ ਸਮਾਜ ਇਲਾਕਾ,ਸ਼ੇਰੇ ਪੰਜਾਬ ਮਾਰਕਿਟ ਰੋਡ, ਟੀ.ਬੀ. ਹਸਪਤਾਲ ਰੋਡ, ਮਾਤਾ ਕੌਸ਼ਲਿਆ ਹਸਪਤਾਲ ਰੋਡ, ਬੈਟਰੀ ਮਾਰਕਿਟ (ਮੋਦੀ ਕਾਲਜ ਨੇੜੇ) ਆਦਿ ਥਾਵਾਂ ’ਤੇ ਕਾਰਵਾਈ ਹੋਵੇਗੀ। ਟ੍ਰੈਫਿਕ ਸਿਟੀ ਵਨ ਇੰਚਾਰਜ ਮੰਨਜੀਤ ਸਿੰਘ ਨੇ ਕਿਹਾ ਕਿ ਅੱਜ ਤੋਂ ਗਲਤ ਪਾਰਕਿੰਗ ਦੇ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ ਖਾਸ ਤੌਰ ਤੇ ਬਾਜ਼ਾਰਾਂ ਤੇ ਕੇਂਦਰਤ ਰਹੇਗੀ ਤੇ ਕਿਸੇ ਵੀ ਗਲਤ ਪਾਰਕਿੰਗ ਕਰਨ ਵਾਲੇ ਨੂੰ ਬਖਸਿਆ ਨਹੀਂ ਜਾਵੇਗਾ। -ਗਲਤ ਪਾਰਕਿੰਗ ਦੀ ਸਮੱਸਿਆ ਕਰੋ ਹੱਲ : ਮਹਿਤਾ ਹੋਲਸੇਲ ਦਵਾਈ ਵਿਕਰੇਤਾ ਹੰਸ ਰਾਜ ਮਹਿਤਾ ਨੇ ਕਿਹਾ ਕਿ ਜੇ ਗਲਤ ਪਾਰਕਿੰਗ ਖਤਮ ਹੋ ਜਾਂਦੀ ਹੈ ਤਾਂ ਬਾਜ਼ਾਰਾਂ ਚ ਟ੍ਰੈਫਿਕ ਜਾਮ ਦੀ ਸਮੱਸਿਆ ਕਾਫ਼ੀ ਹੱਦ ਤੱਕ ਦੂਰ ਹੋ ਜਾਵੇਗੀ। ਨਿਗਮ ਵੱਲੋਂ ਗ਼ੈਰ-ਕਾਨੂੰਨੀ ਕਬਜ਼ਿਆਂ ਦੇ ਖ਼ਿਲਾਫ਼ ਵੀ ਕਾਰਵਾਈ ਹੋ ਰਹੀ ਹੈ ਤੇ ਜੇ ਗਲਤ ਪਾਰਕਿੰਗ ਵੀ ਰੋਕੀ ਗਈ ਤਾਂ ਗਾਹਕਾਂ ਲਈ ਦੁਕਾਨਾਂ ਤੱਕ ਪਹੁੰਚਣਾ ਆਸਾਨ ਹੋ ਜਾਵੇਗਾ।



