ਬੂਟਾ ਸਿੰਘ ਨੇ ਗ੍ਰੇਨੇਡ ਸੁੱਟਣ ਲਈ ਦੋਵਾਂ ਨੂੰ ਦਿੱਤੇ ਸਨ 17 ਹਜ਼ਾਰ ਰੁਪਏ, ਪਸ਼ੀਆਂ ਨੇ ਵਿਦੇਸ਼ਾਂ ਤੋਂ ਦਿਵਾਏ ਸਨ ਪੈਸੇ, ਪੁੱਛਗਿੱਛ ਦੌਰਾਨ ਖੁੱਲ੍ਹੇ ਭੇਤ

ਅੰਮ੍ਰਿਤਸਰ, 12 ਫਰਵਰੀ-ਬੰਦ ਪੁਲਿਸ ਚੌਕੀ ਫਤਿਹਗੜ੍ਹ ਚੂੜੀਆਂ ਬਾਈਪਾਸ ਦੇ ਬਾਹਰ ਧਮਾਕਾ ਕਰਨ ਵਾਲੇ ਮੁਲਜ਼ਮਾਂ ਨੂੰ ਹਵਾਲਾ ਰਾਹੀਂ ਫੰਡਿੰਗ ਦਿੱਤੀ ਗਈ ਸੀ। ਵਿਦੇਸ਼ ’ਚ ਬੈਠੇ ਇਕ ਖ਼ਤਰਨਾਕ ਗੈਂਗਸਟਰ ਤੋਂ ਅੱਤਵਾਦੀ ਬਣੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪਸ਼ੀਆਂ ਨੇ ਬੂਟਾ ਸਿੰਘ ਨੂੰ ਪੰਜਾਹ ਹਜ਼ਾਰ ਰੁਪਏ ਦਿਵਾਏ ਸਨ। ਇਸ ਤੋਂ ਇਲਾਵਾ ਬੂਟਾ ਸਿੰਘ ਨੇ ਜਗਦੇਵ ਕਲਾਂ ਪਿੰਡ ਦੇ ਲਵਪ੍ਰੀਤ ਸਿੰਘ ਤੇ ਕਰਨਦੀਪ ਸਿੰਘ ਨੂੰ ਸਿਰਫ਼ 17,000 ਰੁਪਏ ਦਿੱਤੇ ਸਨ। ਅਗਲਾ ਟੀਚਾ ਤੈਅ ਹੋਣ ਤੋਂ ਬਾਅਦ ਦੋਵਾਂ ਨੂੰ 13,000 ਰੁਪਏ ਹੋਰ ਦਿੱਤੇ ਜਾਣੇ ਸਨ। ਤਿੰਨਾਂ ਮੁਲਜ਼ਮਾਂ ਨੇ ਹੈਪੀ ਪਸ਼ੀਆਂ ਤੇ ਪੁਲਿਸ ਹਿਰਾਸਤ ’ਚ ਆਉਣ ’ਤੇ ਹਥਿਆਰਾਂ ਬਾਰੇ ਕਈ ਰਾਜ਼ ਖੋਲ੍ਹੇ ਹਨ। ਪੁਲਿਸ ਨੂੰ ਪਤਾ ਲੱਗਾ ਹੈ ਕਿ ਏਕੇ-47 ਰਾਈਫਲ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਇਕ ਸਰਹੱਦੀ ਤਸਕਰ ਨੇ ਦਿੱਤੀ ਸੀ, ਜਿਸ ਨੂੰ ਆਈਐੱਸਆਈ ਨੇ ਲਗਪਗ ਡੇਢ ਮਹੀਨਾ ਪਹਿਲਾਂ ਭਾਰਤੀ ਖੇਤਰ ’ਚ ਇਕ ਡਰੋਨ ਰਾਹੀਂ ਸੁੱਟਿਆ ਸੀ।ਜਾਂਚ ’ਚ ਸਾਹਮਣੇ ਆਇਆ ਹੈ ਕਿ ਪੁਲਿਸ ਗੈਂਗਸਟਰ ਹੈਪੀ ਪਸ਼ੀਆਂ ਤੇ ਜੀਵਨ ਫ਼ੌਜੀ ਮਾਝਾ ਜ਼ੋਨ ’ਚ ਵੱਡੇ ਪੱਧਰ ‘ਤੇ ਹੈਰੋਇਨ ਦਾ ਕਾਰੋਬਾਰ ਚਲਾ ਰਹੇ ਹਨ। ਇਨ੍ਹਾਂ ਦੋਵਾਂ ਦੇ ਇਸ਼ਾਰੇ ‘ਤੇ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਦੀ ਸੂਚੀ ਵੀ ਬਹੁਤ ਲੰਬੀ ਹੈ। ਹੈਪੀ ਪਸ਼ੀਆ ਦੇ ਗੁਰਗੇ ਪਠਾਨਕੋਟ ਤੋਂ ਤਰਨਤਾਰਨ ਤੱਕ ਦੇ ਇਲਾਕਿਆਂ ’ਚ ਖੁੱਲ੍ਹੇਆਮ ਨਸ਼ੇ ਵੇਚ ਰਹੇ ਹਨ ਅਤੇ ਇਹ ਨਸ਼ੇ ਦਾ ਪੈਸਾ ਹਵਾਲਾ ਰਾਹੀਂ ਵਿਦੇਸ਼ਾਂ ’ਚ ਪਹੁੰਚ ਰਿਹਾ ਹੈ। ਉਹ ਆਪਣੇ ਨਸ਼ੇ ਦੇ ਪੈਸੇ ਦਾ ਇਕ ਛੋਟਾ ਜਿਹਾ ਹਿੱਸਾ ਸਰਹੱਦੀ ਖੇਤਰਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਦੇ ਕੇ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਹੈ।
ਇਹ ਹੈ ਮਾਮਲਾ
ਜ਼ਿਕਰਯੋਗ ਹੈ ਕਿ 9 ਫਰਵਰੀ ਦੀ ਰਾਤ ਨੂੰ ਬੂਟਾ ਸਿੰਘ, ਲਵਪ੍ਰੀਤ ਸਿੰਘ ਤੇ ਕਰਨਦੀਪ ਸਿੰਘ ਨੇ ਬੰਦ ਪਈ ਫਤਿਹਗੜ੍ਹ ਚੂੜੀਆਂ ਚੌਕੀ ਦੇ ਬਾਹਰ ਗ੍ਰੇਨੇਡ ਸੁੱਟ ਕੇ ਧਮਾਕਾ ਕੀਤਾ ਸੀ। ਘਟਨਾ ਤੋਂ ਬਾਅਦ ਬਾਈਕ ਸਵਾਰ ਮੁਲਜ਼ਮ ਵੇਰਕਾ ਵੱਲ ਭੱਜ ਗਏ। ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰਨ ਤੋਂ ਬਾਅਦ ਪੁਲਿਸ ਨੇ ਲਵਪ੍ਰੀਤ ਸਿੰਘ ਤੇ ਕਰਨਦੀਪ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਤੋਂ ਬਾਅਦ ਬੂਟਾ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।



