
ਅੰਮ੍ਰਿਤਸਰ, 29 ਜੁਲਾਈ : ਆਈ.ਐੱਸ.ਆਈ ਵੱਲੋਂ ਭੇਜੀ ਗਈ ਮੋਡੀਫਾਈਡ ਏਕੇ-47 (ਸੇਗਾ-308 ਅਸਾਲਟ ਰਾਈਫਲ) ਬੁਲਟਪਰੂਫ ਕਾਰ ਦੇ ਸ਼ੀਸ਼ੇ ਨੂੰ ਵਿੰਨ੍ਹਣ (ਭੇਦਣ) ਦੇ ਸਮਰੱਥ ਹੈ। ਇਹ ਤੱਥ ਉਸ ਸਮੇਂ ਸਾਹਮਣੇ ਆਇਆ, ਜਦੋਂ ਮਾਹਿਰਾਂ ਦੀ ਇਕ ਟੀਮ ਨੇ ਸੋਮਵਾਰ ਨੂੰ ਬਰਾਮਦ ਕੀਤੇ ਗਏ ਇਸ ਬਹੁਤ ਹੀ ਮਾਰੂ ਹਥਿਆਰ ਦੀ ਜਾਂਚ ਕੀਤੀ। ਇਕ ਪੁਲਿਸ ਅਧਿਕਾਰੀ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਅਜਿਹੇ ਹੋਰ ਵੀ ਬਹੁਤ ਹੀ ਖ਼ਤਰਨਾਕ ਹਥਿਆਰ ਪੰਜਾਬ ਪਹੁੰਚ ਗਏ ਹਨ। ਸੋਮਵਾਰ ਨੂੰ ਅੰਮ੍ਰਿਤਸਰ (ਦਿਹਾਤੀ) ਪੁਲਿਸ ਦੀਆਂ ਤਿੰਨ ਟੀਮਾਂ ਨੇ ਜ਼ਿਲ੍ਹਾ ਤਰਨਤਾਰਨ ਅਤੇ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ ਕਈ ਇਲਾਕਿਆਂ ਵਿਚ ਛਾਪੇਮਾਰੀ ਜਾਰੀ ਰੱਖੀ। ਹਥਿਆਰਾਂ ਦੀ ਉਕਤ ਖੇਪ ਦੀ ਬਰਾਮਦਗੀ ਦੇ ਨਾਲ ਹਥਿਆਰਾਂ ਦੇ ਤਸਕਰ ਨਵਦੀਪ ਸਿੰਘ ਉਰਫ ਨਵ ਪੰਡੋਰੀ ਦੀ ਗ੍ਰਿਫਤਾਰੀ ਵੀ ਪੁਲਿਸ ਲਈ ਮਹੱਤਵਪੂਰਨ ਹੈ। ਫੜੇ ਗਏ ਪਿੰਡ ਰੰਗੜ ਦੇ ਜੋਬਨਜੀਤ ਸਿੰਘ ਉਰਫ਼ ਜੋਬਨ ਨੇ ਪੁਲਿਸ ਹਿਰਾਸਤ ’ਚ ਕਬੂਲ ਕੀਤਾ ਹੈ ਕਿ ਨਵ ਪੰਡੋਰੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਲਈ ਹਥਿਆਰਾਂ ਦਾ ਜ਼ਖੀਰਾ ਤਿਆਰ ਕਰਨ ’ਚ ਰੁੱਝਿਆ ਹੋਇਆ ਹੈ। ਜੱਗੂ ਦੇ ਇਸ਼ਾਰੇ ਤੇ ਪਾਕਿਸਤਾਨ ਦੀ ਖ਼ਤਰਨਾਕ ਏਜੰਸੀ ਆਈਐੱਸਆਈ ਆਪਣੇ ਸਾਥੀ ਰਾਣਾ ਦੇ ਸਮਰਥਨ ਨਾਲ ਪਹਿਲਾਂ ਡ੍ਰੋਨ ਰਾਹੀਂ ਅਜਿਹੇ ਹਥਿਆਰਾਂ ਦੀਆਂ ਤਿੰਨ ਖੇਪਾਂ ਭੇਜ ਚੁੱਕੀ ਹੈ, ਜੋ ਜੋਬਨਜੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਨਵ ਪੰਡੋਰੀ ਨੂੰ ਸੌਂਪੀਆਂ ਹਨ। ਸੋਮਵਾਰ ਨੂੰ ਵੀ ਇਕ ਪੁਲਿਸ ਟੀਮ ਪੰਡੋਰੀ ਪਿੰਡ ਵਿਚ ਨਵ ਦਾ ਡਾਟਾ ਇਕੱਠਾ ਕਰਨ ’ਚ ਰੁੱਝੀ ਹੋਈ ਸੀ। ਪਤਾ ਲੱਗਾ ਹੈ ਕਿ ਤਸਕਰਾਂ ਦੀ ਗ੍ਰਿਫ਼ਤਾਰੀ ਅਤੇ ਹਥਿਆਰ ਜ਼ਬਤ ਹੋਣ ਤੋਂ ਬਾਅਦ ਨਵ ਪੰਡੋਰੀ ਪੰਜਾਬ ਤੋਂ ਭੱਜ ਗਿਆ ਹੈ ਪਰ ਪੁਲਿਸ ਟੀਮਾਂ ਲਗਾਤਾਰ ਉਸ ਦਾ ਪਿੱਛਾ ਕਰ ਰਹੀਆਂ ਹਨ। ਬਾਕਸ ਜੱਗੂ ਗੈਂਗ ਦੇ ਗੁਰਗਿਆਂ ਦਾ ਪਤਾ ਲਗਾਉਣ ’ਚ ਲੱਗੀ ਪੁਲਿਸ ਪੁਲਿਸ ਨੂੰ ਮਾਝਾ ਜ਼ੋਨ ਵਿਚ ਇਕ ਵੱਡੀ ਗੈਂਗਵਾਰ ਦਾ ਸ਼ੱਕ ਹੈ ਕਿਉਂਕਿ ਕੁਝ ਦਿਨ ਪਹਿਲਾਂ ਜੱਗੂ ਦੀ ਮਾਂ ਨੂੰ ਮਾਨ ਘਣਸ਼ਾਮਪੁਰਾ ਗੈਂਗ ਨੇ ਗੋਲ਼ੀ ਮਾਰ ਦਿੱਤੀ ਸੀ। ਪੁਲਿਸ ਨੂੰ ਇਨਪੁਟ ਮਿਲੇ ਹਨ ਕਿ ਜੱਗੂ ਨੇ ਆਪਣੀ ਮਾਂ ਦੀ ਮੌਤ ਦਾ ਬਦਲਾ ਲੈਣ ਲਈ ਆਪਣਾ ਗੈਂਗ ਵੀ ਬਣਾਇਆ ਹੈ। ਮੈਂਬਰ ਸਿਰਫ਼ ਹਥਿਆਰਾਂ ਦੀ ਭਾਲ ਕਰ ਰਹੇ ਹਨ। ਬਾਕਸ ਇਹ ਹਥਿਆਰ ਬਰਾਮਦ ਕੀਤੇ ਗਏ ਸਪੈਸ਼ਲ ਸੈੱਲ ਨੇ ਜੋਬਨਜੀਤ ਸਿੰਘ ਉਰਫ਼ ਜੋਬਨ, ਗੋਰਾ ਸਿੰਘ, ਸ਼ਹਿਨਸ਼ਾਹ ਉਰਫ਼ ਸ਼ਾਲੂ, ਸੰਨੀ ਸਿੰਘ ਅਤੇ ਜਸਪ੍ਰੀਤ ਸਿੰਘ ਉਰਫ਼ ਮੋਟੂ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਦੇ ਕਬਜ਼ੇ ’ਚੋਂ ਏਕੇ-47 (ਸੇਗਾ 308 ਅਸਾਲਟ ਰਾਈਫਲ), ਦੋ ਵਿਦੇਸ਼ੀ ਪਿਸਤੌਲ, ਚਾਰ ਮੈਗਜ਼ੀਨ, ਸੌ ਕਾਰਤੂਸ, 7.50 ਲੱਖ ਰੁਪਏ ਦੀ ਡਰੱਗ ਮਨੀ, ਤਿੰਨ ਮੋਬਾਈਲ ਬਰਾਮਦ ਕੀਤੇ ਗਏ ਹਨ।



