Punjab

ਬੀਬੀਐੱਮਬੀ ’ਚ 2550 ਅਹੁਦੇ ਲੰਮੇ ਸਮੇਂ ਤੋਂ ਖਾਲੀ

ਪੰਜਾਬ ਸਰਕਾਰ ਨੇ ਵੇਲੇ ਸਿਰ ਨਿਯੁਕਤੀਆਂ ਨਾ ਕਰ ਕੇ ਪੱਖ ਕੀਤਾ ਕਮਜ਼ੋਰ : ਵਿਨੀਤ ਜੋਸ਼ੀ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ , 25 ਮਈ- ਭਾਖੜਾ-ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਵਿਚ ਪੰਜਾਬ ਦੇ 2550 ਅਸਾਮੀਆਂ ਲੰਬੇ ਸਮੇਂ ਤੋਂ ਖਾਲੀ ਪਈਆਂ ਹਨ, ਜਿਨ੍ਹਾਂ ਵਿਚ ਕਈ ਮਹੱਤਵਪੂਰਨ ਤੇ ਅਹਿਮ ਅਹੁਦੇ ਸ਼ਾਮਲ ਹਨ। ਜੇ ਪੰਜਾਬ ਸਰਕਾਰ ਵੇਲੇ ਸਿਰ ਇਨ੍ਹਾਂ ਅਸਾਮੀਆਂ ‘ਤੇ ਨਿਯੁਕਤੀਆਂ ਕਰਦੀ ਤਾਂ ਬੋਰਡ ਵਿਚ ਸੂਬੇ ਦਾ ਪੱਖ ਹੋਰ ਮਜ਼ਬੂਤੀ ਨਾਲ ਰੱਖਿਆ ਜਾ ਸਕਦਾ ਸੀ। ਇਹ ਪ੍ਰਗਟਾਵਾ ਕਰਦੇ ਹੋਏ ਪੰਜਾਬ ਭਾਜਪਾ ਦੇ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘਮਾਨ ਬੀਬੀਐੱਮਬੀ ਦੇ ਮਸਲੇ ਨੂੰ ਸਿਰਫ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਉਠਾ ਰਹੇ ਹਨ। ਨੀਤੀ ਆਯੋਗ ਦੀ ਬੈਠਕ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਏ ਗਏ ਦੋਸ਼ਾਂ ‘ਤੇ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਤਿੰਨ ਸਾਲਾਂ ਤੱਕ ਮੁੱਖ ਮੰਤਰੀ ਮਾਨ ਨੂੰ ਹਰਿਆਣੇ ਨੂੰ ਦਿੱਤੇ ਜਾ ਰਹੇ ਵਾਧੂ ਪਾਣੀ ਦੀ ਯਾਦ ਨਹੀਂ ਆਈ ਪਰ ਹੁਣ ਕਿਸਾਨਾਂ ਦੇ ਗੁੱਸੇ ਤੋਂ ਬਚਣ ਲਈ ਉਹ ਇਹੋ-ਜਿਹੇ ਮਸਲੇ ਉਠਾ ਰਹੇ ਹਨ। ਜੋਸ਼ੀ ਨੇ ਕਿਹਾ ਕਿ ਇਸ ਵਾਰ ਸੂਬੇ ਦੀਆਂ ਮੰਡੀਆਂ ਵਿਚ ਕਿਸਾਨ ਪਰੇਸ਼ਾਨ ਹਨ। ਫ਼ਸਲਾਂ ਦੀ ਖ਼ਰੀਦ ਵਿਚ ਦੇਰੀ ਅਤੇ ਬਦਇੰਤਜ਼ਾਮੀ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਬੀਬੀਐੱਮਬੀ ਵਿਚ ਸੀਆਈਐੱਸਐੱਫ ਦੀ ਤਾਇਨਾਤੀ ਨੂੰ ਲੈ ਕੇ ਪ੍ਰਗਟਾਈ ਜਾ ਰਹੀ ਨਾਰਾਜ਼ਗੀ ‘ਤੇ ਜੋਸ਼ੀ ਨੇ ਕਿਹਾ ਕਿ ਜੇ ਕਿਸੇ ਸੂਬੇ ਨੂੰ ਇਤਰਾਜ਼ ਹੋਣਾ ਚਾਹੀਦਾ ਹੈ ਤਾਂ ਉਹ ਹਿਮਾਚਲ ਪ੍ਰਦੇਸ਼ ਹੈ, ਜਿੱਥੇ 200 ਤੋਂ ਵੱਧ ਪੁਲਿਸ ਕਰਮੀ ਬੀਬੀਐੱਮਬੀ ਵਿਚ ਤਾਇਨਾਤ ਹਨ। ਇਸ ਦੀ ਤੁਲਨਾ ਵਿਚ ਪੰਜਾਬ ਦੇ ਸਿਰਫ 15 ਪੁਲਿਸਕਰਮੀ ਉੱਥੇ ਮੌਜੂਦ ਹਨ, ਇਸ ਲਈ ਇਸ ‘ਤੇ ਮਗਰਮੱਛ ਦੇ ਹੰਝੂ ਨਾ ਕੇਰੇ ਜਾਣ।

Related Articles

Leave a Reply

Your email address will not be published. Required fields are marked *

Back to top button