ਬੇਗਾਨੇ ਤਾਂ ਬੇਗਾਨੇ, ਆਪਣੇ ਵੀ ਨਹੀਂ ਦੇ ਰਹੇ ਸਾਥ
ਰਮਨ ਅਰੋੜਾ ਨੂੰ ਭ੍ਰਿਸ਼ਟਾਚਾਰ ਮਾਮਲੇ 'ਚ ਕੀਤਾ ਜਾ ਚੁੱਕੈ ਗ੍ਰਿਫ਼ਤਾਰ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 25 ਮਈ-ਜਲੰਧਰ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ, ਜੋ ਕਿ 2022 ਦੀਆਂ ਚੋਣਾਂ ਵਿਚ ਸਭ ਤੋਂ ਘੱਟ ਵੋਟਾਂ ਦੇ ਫ਼ਰਕ ਨਾਲ ਚੁਣੇ ਗਏ ਸਨ, ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਬਾਰੇ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ ਕਿ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਰਮਨ ਅਰੋੜਾ ਦੀ ਗ੍ਰਿਫ਼ਤਾਰੀ ‘ਤੇ ਵਿਰੋਧੀ ਪਾਰਟੀਆਂ ਨੇ ਸਵਾਲ ਉਠਾਉਣੇ ਹੀ ਹਨ ਪਰ ਆਮ ਆਦਮੀ ਪਾਰਟੀ ਦੀ ਮੁਸ਼ਕਲ ਇਹ ਹੈ ਕਿ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਮੁਹਿੰਮ ਵਿਚ ਉਸ ਨੂੰ ਆਪਣੇ ਵਿਧਾਇਕਾਂ ਦਾ ਸਾਥ ਨਹੀਂ ਮਿਲ ਰਿਹਾ। ਅੰਮ੍ਰਿਤਸਰ ਉੱਤਰੀ ਹਲਕੇ ਤੋਂ ਪਾਰਟੀ ਦੇ ਵਿਧਾਇਕ ਕੁੰਵਰ ਵਿਜੇਪ੍ਰਤਾਪ ਸਿੰਘ ਨੇ ਆਪਣੇ ਇੰਟਰਨੈੱਟ ਅਕਾਊਂਟ ‘ਤੇ ਰਮਨ ਅਰੋੜਾ ਦੀ ਗ੍ਰਿਫਤਾਰੀ ਬਾਰੇ ਹੈਰਾਨੀ ਜਤਾਈ ਤੇ ਕਿਹਾ ਕਿ ਉਹ ਤਾਂ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਵਾਂਗ ਜਾਣੇ ਜਾਂਦੇ ਸਨ। ਉਨ੍ਹਾਂ ਨੇ ਪਾਰਟੀ ਦੇ ਮਾਨੀਟ੍ਰਿੰਗ ਸਿਸਟਮ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜੇ ਵਿਧਾਇਕ ਗ਼ਲਤੀ ਕਰਦਾ ਹੈ, ਤਾਂ ਉਸ ਨੂੰ ਸਮਝਾ ਕੇ ਸਹੀ ਰਸਤੇ ’ਤੇ ਲਿਆਉਣ ਵਾਲਾ ਕੋਈ ਨਹੀਂ। ਪੰਜਾਬ ਸਰਕਾਰ ਨੇ ਪਿਛਲੇ ਸਮੇਂ ਵਿਚ ਹਟਾਏ ਗਏ ਇਕ ਦਰਜਨ ਤੋਂ ਵੱਧ ਆਈਏਐੱਸ, ਆਈਪੀਐੱਸ ਅਫਸਰਾਂ ਵਿੱਚੋਂ ਬਹੁਤ ਸਾਰਿਆਂ ਨੂੰ ਨਿਯੁਕਤੀ ਦੇ ਦਿੱਤੀ ਹੈ, ਹਾਲਾਂਕਿ ਗੁਰਕੀਰਤ ਕ੍ਰਿਪਾਲ ਸਿੰਘ, ਪੁਨੀਤ ਗੋਇਲ, ਕੁਲਦੀਪ ਚਾਹਲ ਜਿਹੇ ਅਫਸਰ ਹਾਲੇ ਵੀ ਹਵਾ ਵਿਚ ਹਨ। ਸਰਕਾਰ ਦੇ ਇਸ ਰਵੱਈਏ ਕਾਰਨ ਬਹੁਤ ਸਾਰੇ ਅਫਸਰਾਂ ਵਿਚ ਨਿਰਾਸ਼ਾ ਹੈ ਤੇ ਉਹ ਸਿਰਫ਼ ਉਹੀ ਕੰਮ ਕਰ ਰਹੇ ਹਨ ਜੋ ਰੂਟੀਨ ਵਿਚ ਉਨ੍ਹਾਂ ਕੋਲ ਆ ਰਿਹਾ ਹੈ, ਖ਼ਾਸਕਰ ਉਹ ਅਫਸਰ ਜੋ ਅਗਲੇ ਸਾਲ ਸੇਵਾ ਮੁਕਤ ਹੋਣ ਵਾਲੇ ਹਨ, ਕੋਈ ਪਹਿਲਕਦਮੀ ਆਪਣੇ ਕੋਲੋਂ ਨਹੀਂ ਕਰਨਾ ਚਾਹੁੰਦੇ। ਅਜਿਹੇ ਹੀ ਇਕ ਸੀਨੀਅਰ ਅਫਸਰ ਨੇ ਕਿਹਾ, ‘ਜਦੋਂ ਹਵਾਈ ਜਹਾਜ਼ ਨੇ ਲੈਂਡ ਹੋਣਾ ਹੁੰਦਾ ਹੈ ਤਾਂ ਸਵਾਰੀਆਂ ਨੂੰ ਸੀਟ ਬੈਲਟ ਪਹਿਨ ਕੇ ਬੈਠਣ ਲਈ ਕਿਹਾ ਜਾਂਦਾ ਹੈ, ਜਿਵੇਂ ਯਾਤਰੀ ਲੈਂਡਿੰਗ ਦਾ ਇੰਤਜ਼ਾਰ ਕਰਦੇ ਹਨ, ਅਸੀਂ ਸੇਵਾ ਮੁਕਤੀ ਦਾ ਕਰ ਰਹੇ ਹਾਂ’।



