
ਜਲਾਲਾਬਾਦ, 14 ਸਤੰਬਰ : ਪੰਚਾਇਤੀ ਚੋਣਾਂ ਦੌਰਾਨ ਬੀਡੀਪੀਓ ਦਫ਼ਤਰ ਦੇ ਬਾਹਰ ਫਾਇਰਿੰਗ ਮਾਮਲੇ ’ਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਰਦੇਵ ਸਿੰਘ ਬੌਬੀ ਮਾਨ ਨੂੰ ਅਦਾਲਤ ਨੇ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ। ਉਨ੍ਹਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਸ਼ਨਿਚਰਵਾਰ ਨੂੰ ਖ਼ਤਮ ਹੋ ਗਿਆ। ਪੁਲਿਸ ਨੇ ਅਦਾਲਤ ਨੂੰ ਰਿਮਾਂਡ ਵਧਾਉਣ ਦੀ ਅਪੀਲ ਕੀਤੀ ਪਰ ਅਦਾਲਤ ਨੇ ਉਸ ਨੂੰ ਨਾਮਨਜ਼ੂਰ ਕਰਦੇ ਹੋਏ ਬੌਬੀ ਮਾਨ ਨੂੰ ਫ਼ਾਜ਼ਿਲਕਾ ਜੇਲ੍ਹ ਸ਼ਿਫਟ ਕਰਨ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਪਹਿਲਾਂ ਪੁਲਿਸ ਨੇ ਹਥਿਆਰ ਬਰਾਮਦਗੀ ਤੇ ਹੋਰ ਮੁਲਜ਼ਮਾਂ ਦੀ ਪੁੱਛਗਿੱਛ ਨੂੰ ਆਧਾਰ ਬਣਾਉਂਦੇ ਹੋਏ ਚਾਰ ਦਿਨ ਦਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਸਿਰਫ਼ ਦੋ ਦਿਨ ਦਾ ਹੀ ਰਿਮਾਂਡ ਮਨਜ਼ੂਰ ਕੀਤਾ ਸੀ। ਰਿਮਾਂਡ ਦੌਰਾਨ ਪੁਲਿਸ ਟੀਮ ਨੇ ਕੁਝ ਸਬੂਤ ਤੇ ਵਾਹਨ ਬਰਾਮਦ ਕੀਤੇ ਹਨ। ਡੀਐੱਸਪੀ ਜਤਿੰਦਰ ਸਿੰਘ ਗਿੱਲ ਮੁਤਾਬਕ ਜਾਂਚ ਅਜੇ ਜਾਰੀ ਹੈ ਤੇ ਹੋਰ ਮੁਲਜ਼ਮਾਂ ਦੀ ਭੂਮਿਕਾ ਦੀ ਪੜਤਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਕਤੂਬਰ 2024 ’ਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਜਲਾਲਾਬਾਦ ਬੀਡੀਪੀਓ ਦਫ਼ਤਰ ਦੇ ਬਾਹਰ ਦੋ ਧਿਰਾਂ ’ਚ ਝੜਪ ਹੋਈ ਸੀ, ਜੋ ਫਾਇਰੰਗ ਤੱਕ ਪੁੱਜ ਗਈ ਸੀ। ਇਸ ਘਟਨਾ ’ਚ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ ਸੀ। ਪੀੜਤ ਪੱਖ ਨੇ ਬੌਬੀ ਮਾਨ, ਉਨ੍ਹਾਂ ਦੇ ਭਰਾ ਤੇ 15-20 ਹੋਰ ਵਿਅਕਤੀਆਂ ’ਤੇ ਦੋਸ਼ ਲਾਇਆ ਸੀ।



