ਫ਼ਿਰੋਜ਼ਪੁਰ, 10 ਮਾਰਚ (ਜਸਵਿੰਦਰ ਸਿੰਘ ਸੰਧੂ)– ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਘੋੜੇ ਚੱਕ ਦੀ ਅਗਵਾਈ ਵਿੱਚ ਹੋਈ, ਜਿਸ ਵਿਚ ਆਗੂਆਂ ਵੱਲੋਂ ਕਣਕ ਦੇ ਸੀਜ਼ਨ ਦੌਰਾਨ ਜਥੇਬੰਦੀ ਦੀਆਂ ਗਤੀਵਿਧੀਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਘੋੜੇ ਚੱਕ ਨੇ ਕਿਹਾ ਕਿ ਇਕ ਪਾਸੇ ਕਿਸਾਨੀ ਮੰਗਾਂ ਨੂੰ ਲੈ ਕੇ ਜੋ ਦਿੱਲੀ ਦੇ ਬਾਰਡਰਾਂ ’ਤੇ ਇੱਕ ਸਾਲ ਤੋਂ ਲਗਾਤਾਰ ਮੋਰਚੇ ਚੱਲ ਰਹੇ ਹਨ, ਜਿੱਥੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਅੱਜ 105 ਦਿਨ ਬੀਤ ਚੁੱਕੇ ਹਨ, ਉੁਤੋਂ ਹੁਣ ਕਿਸਾਨਾਂ ਦੀਆਂ ਕਣਕ ਦੀਆਂ ਫ਼ਸਲਾਂ ਪੱਕ ਕੇ ਤਿਆਰ ਹੋ ਚੁੱਕੀਆਂ ਹਨ, ਜਿਸ ਨੂੰ ਲੈ ਕੇ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਕਿਸਾਨਾਂ ਦੀ ਗਿਣਤੀ ਮੋਰਚੇ ਵਿੱਚ ਘੱਟਣ ਨਹੀਂ ਦਿੱਤੀ ਜਾਵੇਗੀ ਅਤੇ ਪਿੰਡ ਇਕਾਈਆਂ ਵਲੋਂ ਵਾਰੀ ਸਿਰ ਵੱਡੀ ਗਿਣਤੀ ਵਿਚ ਕਿਸਾਨ ਮੋਰਚੇ ਵਿੱਚ ਹਾਜ਼ਰੀ ਭਰਨੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਦੇ ਟਰੈਕਟਰ ਮੋਰਚੇ ਵਿਚ ਖੜੇ ਹੋਏ ਹਨ, ਉਨ੍ਹਾਂ ਦੀਆਂ ਫ਼ਸਲਾਂ ਕੱਟਵਾਉਣ ਲਈ ਪਿੰਡਾਂ ਵਿੱਚੋਂ ਟਰੈਕਟਰ ਦਿੱਤੇ ਜਾਣਗੇ ਅਤੇ ਇਸ ਤੋਂ ਇਲਾਵਾਂ ਕੇਂਦਰ ਸਰਕਾਰ ਦੇ ਰਾਹਾਂ ’ਤੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਨੂੰ ਲੈ ਕੇ ਦਰਜ ਕੀਤੇ ਮਕੁੱਦਮਿਆਂ ਵਿਚ ਕਿਸਾਨਾਂ ਤੋਂ ਜੁਰਮਾਨੇ ਵਸੂਲਣ ਲਈ ਵਾਰ–ਵਾਰ ਨੋਟਿਸ ਕੱਢ ਰਹੀ, ਜੋ ਬਹੁਤ ਨਿੰਦਣਯੋਗ ਹੈ। ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਘੋੜੇ ਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਖਿਲਾਫ ਰੈਡ ਐਂਟਰੀਆਂ ਅਤੇ ਨੋਟਿਸ ਕੱਢਣੇ ਬੰਦ ਕਰੇ ਨਹੀਂ ਤਾਂ ਬੀਕੇਯੂ ਏਕਤਾ ਸਿੱਧੂਪੁਰ ਜਥੇਬੰਦੀ ਵਲੋਂ ਸਖ਼ਤ ਐਕਸ਼ਨ ਲਿਆ ਜਾਵੇਗਾ। ਜਥੇਬੰਦੀ ਦੇ ਵਿਸਥਾਰ ਦੀ ਗੱਲ ਕਰਦੇ ਹੋਏ ਗੁਰਮੀਤ ਸਿੰਘ ਘੋੜੇ ਚੱਕ ਨੇ ਸਪੱਸ਼ਟ ਕੀਤਾ ਕਿ ਬੀਕੇਯੂ ਏਕਤਾ ਸਿੱਧੂਪੁਰ ਜਥੇਬੰਦੀ ਬਲਾਕ ਮਮਦੋਟ ਦੇ ਆਗੂਆਂ ਦੀ ਟੀਮ ਹੈ, ਉਹ ਉਸੇ ਤਰ੍ਹਾਂ ਹੀ ਬਰਕਰਾਰ ਹੈ। ਸਾਰੇ ਆਗੂਆਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਮੀਟਿੰਗਾਂ ਕਰਕੇ ਵੱਡੀ ਹਾਜ਼ਰੀ ਖਨੋਰੀ ਮੋਰਚੇ ਵਿਚ ਭਰੋਂ। ਜ਼ਿਲ੍ਹਾ ਕਮੇਟੀ ਵਿਚ ਵਾਧਾ ਕਰਦਿਆਂ ਜ਼ਿਲ੍ਹਾ ਪੱਛਮੀ ਦਾ ਪ੍ਰੈੱਸ ਸਕੱਤਰ ਨਿਰਮਲ ਸਿੰਘ ਪੁੱਤਰ ਇਕਬਾਲ ਸਿੰਘ ਪਿੰਡ ਝੁੱਗੇ ਕਿਸ਼ੋਰ ਵਾਲੇ ਨੂੰ ਨਿਯੁਕਤ ਕੀਤਾ ਗਿਆ ਹੈ। ਨਿਰਮਲ ਸਿੰਘ ਨੇ ਕਿਸਾਨ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ੋ ਜ਼ਿੰਮੇਵਾਰੀ ਕਿਸਾਨ ਆਗੂਆਂ ਵੱਲੋਂ ਮੈਨੂੰ ਦਿੱਤੀ ਗਈ ਹੈ, ਉਹ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਪਿੰਡਾਂ ਵਿਚ ਮੀਟਿੰਗਾਂ ਕਰਕੇ ਵੱਡੀ ਗਿਣਤੀ ’ਚ ਕਿਸਾਨਾਂ ਨੂੰ ਖਨੋਰੀ ਮੋਰਚੇ ਤੇ ਜਾਣ ਲਈ ਲਾਮਬੰਦ ਕੀਤਾ ਜਾਵੇਗਾ। ਇਸ ਸਮੇਂ ਕਿਸਾਨ ਆਗੂ ਸਾਹਬ ਸਿੰਘ ਯੂਥ ਆਗੂ ਜਰਨਲ ਸਕੱਤਰ ਫ਼ਿਰੋਜ਼ਪੁਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨੋਜਵਾਨਾਂ ਨੂੰ ਅਪੀਲ ਹੈ ਕਿ ਨਸਲਾਂ ਅਤੇ ਫ਼ਸਲਾਂ ਬਚਾਉਣ ਲਈ ਵੱਧ ਤੋਂ ਵੱਧ ਕਿਸਾਨ ਖਨੋਰੀ ਮੋਰਚੇ ’ਤੇ ਪਹੁੰਚੋ। ਇਸ ਸਮੇਂ ਰਣਜੀਤ ਸਿੰਘ ਪ੍ਰੈੱਸ ਸਕੱਤਰ ਬਲਾਕ ਮਮਦੋਟ, ਕਾਰਜ ਸਿੰਘ ਜਰਨਲ ਸਕੱਤਰ ਬਲਾਕ ਮਮਦੋਟ, ਗੁਰਦੀਪ ਸਿੰਘ ਇਕਾਈ ਪ੍ਰਧਾਨ ਮਸਤਾਂ ਗੱਟੀ, ਹਰਪਾਲ ਸਿੰਘ ਸੀਨੀਅਰ ਆਗੂ ਗੱਟੀ ਹਯਾਤ, ਨਿਰਮਲ ਸਿੰਘ ਗੱਟੀ ਇਕਾਈ ਮੀਤ ਪ੍ਰਧਾਨ ਗੱਟੀ ਹਯਾਤ ਅਤੇ ਆਦਿ ਆਗੂ ਹਾਜ਼ਰ ਸਨ।



