ਬਿਨਾਂ ਮੁਲਾਜ਼ਮ ਵਿਭਾਗ ਕਿਵੇਂ ਰੋਕੇਗਾ ਸ਼ਰਾਬ ਦੀ ਤਸਕਰੀ, ਐਕਸਾਈਜ਼ ਦੀਆਂ 68 ਪੋਸਟਾਂ ਖਾਲੀ, ਬਾਕੀ ਮੁਲਾਜ਼ਮਾਂ ’ਤੇ ਵਧਿਆ ਕੰਮ ਦਾ ਬੋਝ

ਬਠਿੰਡਾ, 22 ਜੁਲਾਈ : ਸੂਬੇ ’ਚ ਸ਼ਰਾਬ ਦੇ ਠੇਕੇ ਨਿਲਾਮ ਕਰਨ ਤੇ ਤਸਕਰੀ ਰੋਕਣਾ ਤੋਂ ਇਲਾਵਾ ਬਹੁਤ ਸਾਰੇ ਕੰਮ ਆਕਸਾਈਜ਼ ਵਿਭਾਗ ਕੋਲ ਹਨ ਪਰ ਮੁਲਾਜ਼ਮਾਂ ਦੀ ਵੱਡੀ ਘਾਟ ਕਾਰਨ ਵਿਭਾਗ ਇਹ ਕੰਮ ਕਿਵੇਂ ਸਿਰੇ ਚਾੜ੍ਹੇਗਾ। ਇਹ ਇਕ ਵੱਡਾ ਸਵਾਲ ਹੈ। ਮੁਲਾਜ਼ਮਾਂ ਦੀ ਘਾਟ ਕਾਰਨ ਐਕਸਾਈਜ਼ ਵਿਭਾਗ ਦਾ ਕੰਮ ਕਾਜ ਵੱਡੀ ਪੱਧਰ ’ਤੇ ਪ੍ਰਭਾਵਿਤ ਹੋ ਰਿਹਾ ਹੈ। ਐਕਸਾਈਜ਼ ਵਿਭਾਗ ’ਚ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਵੱਡੀ ਗਿਣਤੀ ਪੋਸਟਾਂ ਖਾਲੀ ਪਈਆਂ ਹਨ, ਜਿਸ ਕਾਰਨ ਦੂਸਰੇ ਅਧਿਕਾਰੀਆਂ ਤੇ ਮੁਲਾਜ਼ਮਾਂ ’ਤੇ ਕੰਮ ਦਾ ਬੋਝ ਹੋਰ ਵੱਧ ਗਿਆ ਹੈ। ਐਕਸਾਈਜ਼ ਵਿਭਾਗ ਨੂੰ ਸੂਬੇ ਦਾ ਸਭ ਤੋਂ ਅਹਿਮ ਵਿਭਾਗ ਮੰਨਿਆ ਜਾਂਦਾ ਹੈ, ਕਿਉਂਕਿ ਇਹ ਵਿਭਾਗ ਪੰਜਾਬ ਸਰਕਾਰ ਲਈ ਆਮਦਨੀ ਦਾ ਵੱਡਾ ਸਰੋਤ ਹੁੰਦਾ ਹੈ ਪਰ ਜੇਕਰ ਕਿਸੇ ਵਿਭਾਗ ’ਚ ਹੀ ਮੁਲਾਜ਼ਮਾਂ ਦੀ ਵੱਡੀ ਘਾਟ ਰੜਕਦੀ ਰਹੇਗੀ ਤਾਂ ਫਿਰ ਪੰਜਾਬ ਸਰਕਾਰ ਵੀ ਆਮਦਨ ’ਤੇ ਵੀ ਅਸਰ ਪੈਂਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸੂਬੇ ਦੇ ਐਕਸਾਈਜ ਵਿਭਾਗ ’ਚ ਕੁੱਲ 324 ਅਸਾਮੀਆਂ ਮਨਜ਼ੂਰਸ਼ੁਦਾ ਹਨ, ਜਿਨਾਂ ’ਚੋਂ 256 ਅਸਾਮੀਆਂ ਭਰੀਆਂ ਹੋਈਆਂ ਹਨ ਜਦੋਂ ਕਿ 68 ਹਾਲੇ ਵੀ ਖਾਲੀ ਹਨ। ਵਿਭਾਗ ’ਚ ਸਭ ਤੋਂ ਵੱਧ ਈਟੀਓ ਤੇ ਇੰਸਪੈਕਟਰਾਂ ਦੀਆਂ ਪੋਸਟਾਂ ਖਾਲੀ ਹਨ। ਸਰਕਾਰੀ ਅੰਕੜਿਆਂ ਮੁਤਾਬਕ ਜੁਅਆਇੰਟ ਕਮਿਸ਼ਨਰ ਪੀਸੀਐੱਸ ਦੀ ਇਕ ਪੋਸਟ ਮਨਜ਼ੂਰਸ਼ੁਦਾ ਹੈ, ਜਿਹੜੀ ਖਾਲੀ ਹੈ ਜਦਕਿ ਡਿਪਟੀ ਕਮਿਸ਼ਨਰ ਐਕਸਾਈਜ਼ ਪੀਸੀਐੱਸ ਦੀ ਵੀ ਇਕੋ ਇਕ ਪੋਸਟ ਮਨਜ਼ੂਰਸ਼ੁਦਾ ਹੈ ਜਿਹੜੀ ਖਾਲੀ ਹੈ। ਇਸ ਤੋਂ ਇਲਾਵਾ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਪੀਸੀਐੱਸ ਦੀਆਂ ਦੋ ਪੋਸਟਾਂ ਹਨ ਪਰ ਦੋਵੇਂ ਖਾਲੀ ਹਨ। ਇਸੇ ਤਰ੍ਹਾਂ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਡਿਪਾਰਟਮੈਂਟ ਦੀਆਂ 15 ਪੋਸਟਾਂ ਹਨ, ਜਿਨ੍ਹਾਂ ’ਚੋਂ ਇਕ ਪੋਸਟ ਅਜੇ ਵੀ ਖਾਲੀ ਹੈ। ਐਕਸਾਈਜ ਵਿਭਾਗ ’ਚ ਸਭ ਤੋਂ ਅਹਿਮ ਅਹੁਦੇ ਵਜੋਂ ਮੰਨੇ ਜਾਂਦੇ ਈਟੀਓ ਦੀਆਂ 61 ਪੋਸਟਾਂ ਹਨ, ਜਿਸ ’ਚੋਂ 45 ਭਰੀਆਂ ਹੋਈਆਂ ਹਨ ਜਦਕਿ 16 ਪੋਸਟਾਂ ਖਾਲੀ ਹਨ। ਇਸੇ ਤਰ੍ਹਾਂ ਐਕਸਾਈਜ਼ ਵਿਭਾਗ ਦੇ ਇੰਸਪੈਕਟਰਾਂ ਦੀਆਂ 238 ਅਸਾਮੀਆਂ ਹਨ, ਜਿਸ ’ਚੋਂ 191 ਅਸਾਮੀਆਂ ਭਰੀਆਂ ਹੋਈਆਂ ਹਨ ਜਦਕਿ 47 ਅਸਾਮੀਆਂ ਖਾਲੀ ਹਨ। ਇਸੇ ਤਰ੍ਹਾਂ ਐਕਸਾਈਜ਼ ਵਿਭਾਗ ’ਚ ਕੁੱਲ 324 ਪੋਸਟਾਂ ਹਨ ਜਿਸ ’ਚੋਂ 68 ਖਾਲੀ ਹਨ।



