
ਲੁਧਿਆਣਾ, 31 ਜੁਲਾਈ : ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਲਈ ਨੋਟੀਫਾਈ ਕੀਤੀ ਗਈ ਵਨ ਟਾਈਮ ਸੈਟਲਮੈਂਟ (ਓਟੀਐੱਸ) ਨੀਤੀ ਦੇ ਤਹਿਤ ਬਿਨਾਂ ਕਿਸੇ ਜੁਰਮਾਨੇ ਅਤੇ ਵਿਆਜ ਦੇ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਨ ਲਈ 31 ਜੁਲਾਈ ਨੂੰ ਆਖਰੀ ਦਿਨ ਹੋਣ ਕਰਕੇ ਨਗਰ ਨਿਗਮ ਨੇ ਵੀਰਵਾਰ ਨੇ ਛੁੱਟੀ ਵਾਲੇ ਦਿਨ ਆਪਣੇ ਜ਼ੋਨਲ ਸੁਵਿਧਾ ਕੇਂਦਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ ਪਰ ਸ਼ਹਿਰ ਵਾਸੀਆਂ ਨੂੰ ਸਮੇਂ ਸਿਰ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਸਹੂਲਤ ਦੇਣ ਲਈ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਹੁਕਮ ਜਾਰੀ ਕੀਤੇ ਹਨ ਕਿ ਨਗਰ ਨਿਗਮ ਦੇ ਜ਼ੋਨਲ ਸੁਵਿਧਾ ਕੇਂਦਰ ਵੀਰਵਾਰ ਨੂੰ ਖੁੱਲ੍ਹੇ ਰਹਿਣਗੇ। ਛੂਟ ਦਾ ਲਾਭ ਲੈਣ ਲਈ ਬੁੱਧਵਾਰ ਨੂੰ ਵੀ ਨਗਰ ਨਿਗਮ ਦਫਤਰਾਂ ਵਿੱਚ ਟੈਕਸ ਜਮ੍ਹਾ ਕਰਵਾਉਣ ਵਾਲਿਆਂ ਦੀ ਭੀੜ ਲੱਗੀ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਾਪਰਟੀ ਟੈਕਸ ਹਰ ਸਾਲ ਸਵੈ-ਮੁਲਾਂਕਣ ਦੇ ਆਧਾਰ ਤੇ ਅਦਾ ਕਰਨਾ ਪੈਂਦਾ ਹੈ। ਜੇਕਰ ਜਾਇਦਾਦ ਦਾ ਮਾਲਕ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਨਗਰ ਨਿਗਮ ਵੱਲੋਂ ਬਕਾਇਆ ਰਕਮ ਤੇ 20 ਪ੍ਰਤੀਸ਼ਤ ਜੁਰਮਾਨਾ ਅਤੇ 18 ਪ੍ਰਤੀਸ਼ਤ ਸਾਲਾਨਾ ਵਿਆਜ ਲਗਾਇਆ ਜਾਂਦਾ ਹੈ। ਇਸ ਓਟੀਐੱਸ ਨੀਤੀ ਦੇ ਤਹਿਤ ਸ਼ਹਿਰ ਵਾਸੀ ਹੁਣ 31 ਜੁਲਾਈ ਨੂੰ ਬਿਨਾਂ ਕਿਸੇ ਜੁਰਮਾਨੇ ਜਾਂ ਵਿਆਜ ਦੇ ਬਕਾਇਆ ਟੈਕਸ ਜਮ੍ਹਾਂ ਕਰਵਾ ਸਕਦੇ ਹਨ। ਬਕਾਇਆ ਟੈਕਸ ਨਗਰ ਨਿਗਮ ਦੇ ਜ਼ੋਨਲ ਦਫਤਰਾਂ ਵਿੱਚ ਸਥਿਤ ਸੁਵਿਧਾ ਕੇਂਦਰਾਂ ਵਿੱਚ ਜਮ੍ਹਾਂ ਕਰਵਾਇਆ ਜਾ ਸਕਦਾ ਹੈ।



