
ਰਾਏਕੋਟ, 13 ਅਗਸਤ : ਰਾਏਕੋਟ ਵਿਖੇ ਪਾਵਕਾਮ ਦੀਆਂ ਜੱਥੇਬੰਦੀਆਂ ਵੱਲੋਂ ਤਿੰਨ ਰੋਜਾ ਸਮੂਹਿਕ ਛੁੱਟੀ ਦੇ ਮੰਗਲਵਾਰ ਦੂਜੇ ਦਿਨ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਮੁੱਖ ਮੰਤਰੀ ਦਾ ਪੁਤਲਾ ਫੂਕਿਆ। ਬਿਜਲੀ ਮੁਲਾਜ਼ਮਾਂ ਵਲੋਂ ਡਵੀਜ਼ਨ ਦਫ਼ਤਰ ਰਾਏਕੋਟ ਦੇ ਗੇਟ ਅੱਗੇ ਭਰਵਾਂ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਸੂਬਾ ਕਮੇਟੀ ਦੀ ਮੀਟਿੰਗ 2 ਜੂਨ ਨੂੰ ਮੋਹਾਲੀ ਵਿਖੇ ਪਾਵਰਕਾਮ ਮੈਨੇਜਮੈਂਟ ਨਾਲ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੀ ਹਾਜ਼ਰੀ ਵਿੱਚ ਹੋਈ ਅਤੇ ਬਿਜਲੀ ਮੁੁਲਾਜ਼ਮਾਂ ਦੀਆਂ ਬਹੁੁਤ ਸਾਰੀਆਂ ਮੰਗਾਂ ਉੱਪਰ ਸਹਿਮਤੀ ਹੋਈ ਸੀ। ਤਕਰੀਬਨ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਬਿਜਲੀ ਮੁੁਲਾਜ਼ਮਾਂ ਕੋਲ ਸੰਘਰਸ਼ ਤਿੱਖਾ ਕਰਦੇ ਹੋਏ ਆਰ ਪਾਰ ਦੀ ਲੜਾਈ ਲੜੀ ਜਾਵੇਗੀ। ਉਨ੍ਹਾਂ ਦੱਸਿਆ ਕਿ 15 ਅਗਸਤ ਵਾਲੇ ਦਿਨ ਜਥੇਬੰਦੀਆਂ ਵਲੋਂ ਜ਼ਿਲ੍ਹਾ ਹੈੱਡਕੁੁਆਰਟਰਾਂ ਦੇ ਨੇੜਲੇ ਦਫ਼ਤਰਾਂ ਵਿੱਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਰੈਲੀ ਨੂੰ ਸਰਕਲ ਦੇ ਸਕੱਤਰ ਬੂਟਾ ਸਿੰਘ ਮਲਕ ਟੀਐਸਯੂ, ਪ੍ਰਧਾਨ ਅਵਤਾਰ ਸਿੰਘ ਬੱਸੀਆਂ, ਤਰਲੋਚਨ ਸਿੰਘ ਹਠੂਰ, ਮਨਜਿੰਦਰ ਸਿੰਘ, ਪੈਨਸ਼ਨਰ ਐਸੋਸੀਏਸ਼ਨ ਦੇ ਸਕੱਤਰ ਜਸਵੰਤ ਸਿੰਘ ਕੁਤਬਾ, ਬਿੱਲੂ ਖਾਨ, ਜਰਨੈਲ ਸਿੰਘ ਸੂਜਾਪੁਰ, ਚਰਨ ਸਿੰਘ ਝੋਰੜਾਂ, ਜਸਵੀਰ ਸਿੰਘ ਆਂਡਲੂ, ਸੁਖਚੈਨ ਸਿੰਘ, ਚਰਨਜੀਤ ਸਿੰਘ ਰਾਜੋਆਣਾ ਨੇ ਰੈਲੀ ਨੂੰ ਸੰਬੋਧਨ ਕੀਤਾ।



