ਬਿਜਲੀ ਬਿੱਲ ਅਦਾ ਨਾ ਕਰਨ ਵਾਲੇ ਉਪਭੋਗਤਾਵਾਂ ਖ਼ਿਲਾਫ ਵਿਭਾਗ ਸਖ਼ਤ ਕਾਰਵਾਈ ਕਰਨ ਦੇ ਰੋਅ ‘ਚ
ਵਿਭਾਗ ਦਿੱਤੀ ਕਨੈਕਸ਼ਨ ਕੱਟਣ ਦੀ ਚੇਤਾਵਨੀ

ਜਸਵਿੰਦਰ ਸਿੰਘ ਸੰਧੂ
ਝੋਕ ਹਰੀਹਰ / ਫਿਰੋਜ਼ਪੁਰ, 16 ਮਾਰਚ : ਜ਼ਿਲ੍ਹਾ ਫਿਰੋਜ਼ਪੁਰ ਵਿੱਚ ਜਿਨ੍ਹਾਂ ਉਪਭੋਗਤਾਵਾਂ ਵੱਲੋਂ ਲੰਮੇ ਸਮੇਂ ਤੋਂ ਬਿਜਲੀ ਦੇ ਬਿਲ ਅਦਾ ਨਹੀਂ ਕੀਤੇ ਜਾ ਰਹੇ, ਉਨ੍ਹਾਂ ਖ਼ਿਲਾਫ਼ ਬਿਜਲੀ ਵਿਭਾਗ ਵੱਲੋਂ ਹੁਣ ਸਖ਼ਤ ਰਵੱਈਆ ਅਪਣਾਇਆ ਜਾ ਰਿਹਾ ਹੈ। ਵਿਭਾਗ ਵੱਲੋਂ ਬਕਾਇਆ ਬਿਲਾਂ ਵਾਲੇ ਉਪਭੋਗਤਾਵਾਂ ਦੇ ਬਿਜਲੀ ਕਨੈਕਸ਼ਨ ਕੱਟਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਇਸੇ ਸੰਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਇੰਜੀਨੀਅਰ ਅਨੁਭਵ ਕੁਮਾਰ ਐਸ.ਡੀ.ਓ. ਬਿਜਲੀ ਸਬ ਸਟੇਸ਼ਨ ਝੋਕ ਹਰੀਹਰ ਨੇ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਉਪਭੋਗਤਾਵਾਂ ਦੇ ਬਿਜਲੀ ਬਿਲ ਬਕਾਇਆ ਹਨ, ਉਹ ਆਪਣਾ ਬਕਾਇਆ ਜਲਦੀ ਤੋਂ ਜਲਦੀ ਜਮ੍ਹਾ ਕਰਵਾ ਦੇਣ । ਉਨ੍ਹਾਂ ਕਿਹਾ ਕਿ ਜੇ ਉਪਭੋਗਤਾਵਾਂ ਵੱਲੋਂ ਸਮੇਂ ਸਿਰ ਬਿਲਾਂ ਦੀ ਅਦਾਇਗੀ ਨਹੀਂ ਕੀਤੀ ਗਈ ਤਾਂ ਵਿਭਾਗ ਦੇ ਨਿਯਮਾਂ ਅਨੁਸਾਰ ਉਨ੍ਹਾਂ ਦੇ ਬਿਜਲੀ ਕਨੈਕਸ਼ਨ ਤੁਰੰਤ ਕੱਟ ਦਿੱਤੇ ਜਾਣਗੇ । ਉਨ੍ਹਾਂ ਅੱਗੇ ਦੱਸਿਆ ਕਿ ਜੇ ਕਨੈਕਸ਼ਨ ਕੱਟੇ ਜਾਣ ਤੋਂ ਬਾਅਦ ਉਪਭੋਗਤਾ ਬਕਾਇਆ ਰਕਮ ਅਦਾ ਕਰਦੇ ਹਨ ਤਾਂ ਵਿਭਾਗੀ ਨਿਯਮਾਂ ਅਨੁਸਾਰ ਕਨੈਕਸ਼ਨ ਮੁੜ ਜੋੜਿਆ ਜਾ ਸਕਦਾ ਹੈ, ਪਰ ਇਸ ਦੌਰਾਨ ਉਪਭੋਗਤਾਵਾਂ ਨੂੰ ਵਾਧੂ ਕਾਰਵਾਈ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਐਸ.ਡੀ.ਓ. ਨੇ ਉਪਭੋਗਤਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਮੇਂ ਸਿਰ ਆਪਣੇ ਬਿਜਲੀ ਬਿਲ ਜਮ੍ਹਾ ਕਰਵਾਉਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਬਚਿਆ ਜਾ ਸਕੇ ।



