Punjab

ਬਿਕਰਮ ਮਜੀਠੀਆ ਮਾਮਲੇ ਦੀ ਹਾਈ ਕੋਰਟ ’ਚ ਅੱਜ ਹੋਵੇਗੀ ਸੁਣਵਾਈ

ਮਜੀਠੀਆ ਨੂੰ ਲੈ ਕੇ ਜਾਂਚ ਲਈ ਗੋਰਖਪੁਰ ਗਈ ਵਿਜੀਲੈਂਸ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 4 ਜੁਲਾਈ 2025 : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਗ੍ਰਿਫ਼ਤਾਰੀ ਤੇ ਰਿਮਾਂਡ ਨੂੰ ਗ਼ੈਰ-ਕਾਨੂੰਨੀ ਦੱਸਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਹੈ। ਇਸ ਪਟੀਸ਼ਨ ’ਤੇ ਹੁਣ ਚਾਰ ਜੁਲਾਈ ਨੂੰ ਸੁਣਵਾਈ ਹੋਵੇਗੀ। ਵੀਰਵਾਰ ਨੂੰ ਸੁਣਵਾਈ ’ਚ ਜਸਟਿਸ ਤ੍ਰਿਭੁਵਨ ਦਹੀਆ ਦੇ ਬੈਂਚ ਨੇ ਮਜੀਠੀਆ ਦੇ ਵਕੀਲ ਨੂੰ ਤਾਜ਼ਾ ਰਿਮਾਂਡ ਆਦੇਸ਼ ਪੇਸ਼ ਕਰਨ ਲਈ ਇਕ ਦਿਨ ਦਾ ਸਮਾਂ ਦਿੱਤਾ। ਪਟੀਸ਼ਨ ’ਚ ਮਜੀਠੀਆ ਨੇ ਕਿਹਾ ਹੈ ਕਿ ਉਨ੍ਹਾਂ ਖ਼ਿਲਾਫ਼ ਦਰਜ ਐੱਫਆਈਆਰ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਪੂਰੀ ਤਰ੍ਹਾਂ ਸਿਆਸੀ ਬਦਲਾਖੋਰੀ ਦੀ ਸਾਜ਼ਿਸ਼ ਹੈ ਜਿਸ ਨੂੰ ਮੌਜੂਦਾ ਸਰਕਾਰ ਨੇ ਉਨ੍ਹਾਂ ਨੂੰ ਬਦਨਾਮ ਤੇ ਪਰੇਸ਼ਾਨ ਕਰਨ ਲਈ ਰਚਿਆ ਹੈ। ਉਨ੍ਹਾਂ ਨੇ ਇਸ ਨੂੰ ਸਿਆਸੀ ਬਦਲੇ ਤੇ ਸ਼ੋਸ਼ਣ ਦਾ ਨਾਂ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ 25 ਜੂਨ ਨੂੰ ਮੋਹਾਲੀ ਸਥਿਤ ਵਿਜੀਲੈਂਸ ਬਿਊਰੋ ਥਾਣੇ ’ਚ ਦਰਜ ਐੱਫਆਈਆਰ ਨਾ ਸਿਰਫ਼ ਗ਼ੈਰ-ਕਾਨੂੰਨੀ ਹੈ, ਬਲਕਿ ਉਸੇ ਦਿਨ ਸਵੇਰੇ ਉਨ੍ਹਾਂ ਦੀ ਰਿਹਾਇਸ਼ ਤੋਂ ਕੀਤੀ ਗਈ ਗ੍ਰਿਫ਼ਤਾਰੀ ਵੀ ਤੈਅ ਕਾਨੂੰਨੀ ਪ੍ਰਕਿਰਿਆਵਾਂ ਦੀ ਉਲੰਘਣਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸਵੇਰੇ 9 ਵਜੇ ਤੋਂ 11.20 ਵਜੇ ਤੱਕ ਗ਼ੈਰ-ਕਾਨੂੰਨੀ ਰੂਪ ਨਾਲ ਹਿਰਾਸਤ ’ਚ ਰੱਖਿਆ ਗਿਆ ਜਦਕਿ ਉਨ੍ਹਾਂ ਦੀ ਰਸਮੀ ਗ੍ਰਿਫ਼ਤਾਰੀ 11.20 ਵਜੇ ਦਿਖਾਈ ਗਈ। ਇਹ ਸੰਵਿਧਾਨ ਦੇ ਆਰਟੀਕਲ 22 (2) ਤੇ ਬੀਐੱਨਐੱਸਐੱਸ ਦੀ ਧਾਰਾ 187 ਦੀ ਉਲੰਘਣਾ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਜਾਂਚ ਏਜੰਸੀ ਵੱਲੋਂ ਦਾਇਰ ਕੀਤੀ ਗਈ ਰਿਮਾਂਡ ਅਰਜ਼ੀ ’ਚ ਤੱਤਕਾਲੀ ਜਾਂਚ ਦਾ ਕੋਈ ਪੁਖ਼ਤਾ ਕਾਰਨ ਨਹੀਂ ਹੈ। ਓਧਰ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਲੈ ਕੇ ਵਿਜੀਲੈਂਸ ਵੀਰਵਾਰ ਸਵੇਰੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਲਈ ਰਵਾਨਾ ਹੋ ਗਈ। ਗੋਰਖਪੁਰ ’ਚ ਮਜੀਠੀਆ ਦੀ ਪੁਸ਼ਤੈਨੀ ਜ਼ਮੀਨ ਹੈ ਤੇ ਸਰਾਇਆ ਇੰਡਸਟਰੀ ’ਚ ਉਨ੍ਹਾਂ ਦੀ 11 ਫ਼ੀਸਦੀ ਹਿੱਸੇਦਾਰੀ ਹੈ। ਮਜੀਠੀਆ ਸਰਾਇਆ ਇੰਡਸਟਰੀ ’ਚ 2007 ਤੋਂ ਪਹਿਲਾਂ ਡਾਇਰੈਕਟਰ ਵੀ ਸਨ। ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਨੇ ਡਾਇਰੈਕਟਰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਵਿਜੀਲੈਂਸ ਨੇ ਬੁੱਧਵਾਰ ਨੂੰ ਮਜੀਠੀਆ ਦੀ ਕੋਰਟ ’ਚ ਪੇਸ਼ੀ ਦੌਰਾਨ ਦੱਸਿਆ ਸੀ ਕਿ ਗੋਰਖਪੁਰ, ਸ਼ਿਮਲਾ ਤੇ ਦਿਲੀ ’ਚ ਉਨ੍ਹਾਂ ਦੀਆਂ ਕਈ ਬੇਨਾਮੀ ਜਾਇਦਾਦਾਂ ਦਾ ਪਤਾ ਲੱਗਾ ਹੈ।

Related Articles

Leave a Reply

Your email address will not be published. Required fields are marked *

Back to top button