
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 1 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਅੰਮ੍ਰਿਤਸਰ ਪੁਲਿਸ ਨੇ ਇਕ ਹੋਰ ਕੇਸ ਦਰਜ ਕੀਤਾ ਹੈ, ਜਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਅੰਮਿ੍ਰਤਸਰ ’ਚ ਵਿਜੀਲੈਂਸ ਦੇ ਛਾਪੇ ਦੌਰਾਨ ਉਸ ਦੇ ਕੰਮ ’ਚ ਰੁਕਾਵਟ ਪਾਈ। ਵਿਜੀਲੈਂਸ ਨੇ ਉਨ੍ਹਾਂ ਨੂੰ ਮਨੀ ਲਾਂਡ੍ਰਿੰਗ ਦੇ ਮਾਮਲੇ ’ਚ 25 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। ਪਿਛਲੇ ਮਹੀਨੇ ਜਦੋਂ ਮੋਹਾਲੀ ਤੋਂ ਵਿਜੀਲੈਂਸ ਦੀ ਟੀਮ ਅੰਮਿ੍ਰਤਸਰ ਗਈ ਸੀ ਤਾਂ ਮਜੀਠੀਆ ਤੇ ਉਨ੍ਹਾਂ ਦੇ ਸਮਰਥਕਾਂ ਨੇ ਟੀਮ ਦੇ ਖ਼ਿਲਾਫ਼ ਮੁਜ਼ਾਹਰੇ ਕੀਤੇ ਸਨ। ਸਾਬਕਾ ਮੰਤਰੀ ਦਾ ਡੀਐੱਸਪੀ ਰੈਂਕ ਦੇ ਅਧਿਕਾਰੀ ਨਾਲ ਵਿਵਾਦ ਵੀ ਹੋਇਆ ਸੀ। ਇਸ ਦੌਰਾਨ ਅਕਾਲੀ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਮਜੀਠੀਆ ਖਿਲਾਫ਼ ਇਕ ਹੋਰ ਕੇਸ ਦਰਜ ਕਰਨ ’ਤੇ ਆਮ ਆਦਮੀ ਪਾਰਟੀ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਵਿਜੀਲੈਂਸ ਦੇ ਕੰਮ ’ਚ ਰੁਕਾਵਟ ਪਾਉਣ ਦੇ ਦੋਸ਼ਾਂ ਦਾ ਵੀ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਨੇ ਦੇਖਿਆ ਸੀ ਕਿ ਵਿਜੀਲੈਂਸ ਦੇ ਅਫਸਰਾਂ ਦੇ ਕੰਮ ’ਚ ਕੋਈ ਰੁਕਾਵਟ ਨਹੀਂ ਪਾਈ ਗਈ।



