
ਨਵੀਂ ਦਿੱਲੀ, 27 ਜੁਲਾਈ: ਇਕ-ਦੂਜੇ ਨੂੰ ਮਾਫ਼ ਕਰ ਦਿਓ ਤੇ ਅੱਗੇ ਵਧੋ। ਸੁਪਰੀਮ ਕੋਰਟ ਨੇ ਇਹ ਸਲਾਹ ਲੜਾਕੂ ਜਹਾਜ਼ ਦੇ ਇਕ ਪਾਇਲਟ ਤੇ ਉਨ੍ਹਾਂ ਦੀ ਪਤਨੀ ਨੂੰ ਦਿੱਤੀ ਹੈ, ਜੋ ਵਿਆਹੁਤਾ ਵਿਵਾਦ ’ਚ ਉਲਝੇ ਹੋਏ ਹਨ। ਪਾਇਲਟ ਨੇ 2019 ਦੀ ਬਾਲਾਕੋਟ ਏਅਰ ਸਟ੍ਰਾਈਕ ’ਚ ਹਿੱਸਾ ਲਿਆ ਸੀ। ਦੂਜੇ ਪਾਸੇ ਪਤਨੀ ਆਈਆਈਐੱਮ ਤੋਂ ਗ੍ਰੈਜੂਏਟ ਹੈ ਤੇ ਇਕ ਆਈਟੀ ਫਰਮ ’ਚ ਕੰਮ ਕਰਦੀ ਹੈ। ਜਸਟਿਸ ਪੀਐੱਮ ਨਰਸਿਮ੍ਹਾ ਤੇ ਅਤੁਲ ਐੱਸ ਚੰਦੁਰਕਰ ਦੇ ਬੈਂਚ ਨੇ ਪਤੀ-ਪਤਨੀ ਨੂੰ ਕਿਹਾ ਕਿ ਉਹ ਆਪਸੀ ਵਿਵਾਦ ਨੂੰ ਸੁਹਿਰਦਤਾ ਨਾਲ ਹੱਲ ਕਰਨ। ਬੈਂਚ ਨੇ ਕਿਹਾ ਕਿ ਬਦਲੇ ਦੀ ਜ਼ਿੰਦਗੀ ਨਾ ਜੀਓ। ਤੁਸੀਂ ਦੋਵੇਂ ਨੌਜਵਾਨ ਹੋ ਤੇ ਤੁਹਾਡੇ ਅੱਗੇ ਲੰਬੀ ਜ਼ਿੰਦਗੀ ਹੈ। ਤੁਹਾਨੂੰ ਇਕ ਚੰਗਾ ਜੀਵਨ ਜਿਊਣਾ ਚਾਹੀਦਾ ਹੈ। ਬੈਂਚ ਨੇ ਹਵਾਈ ਫ਼ੌਜ ਦੇ ਅਧਿਕਾਰੀ ਦੀ ਪਟੀਸ਼ਨ ’ਤੇ ਨੋਟਿਸ ਜਾਰੀ ਕਰਦੇ ਹੋਏ ਕਿਹਾ, ਤੁਸੀਂ ਬੱਸ ਇਕ-ਦੂਜੇ ਨੂੰ ਮਾਫ਼ ਕਰ ਦਿਓ। ਇਕ-ਦੂਜੇ ਨੂੰ ਭੁੱਲ ਜਾਓ ਤੇ ਅੱਗੇ ਵਧੋ। ਇਹ ਪਟੀਸ਼ਨ ਪਾਇਲਟ ਨੇ ਆਪਣੀ ਪਤਨੀ ਵੱਲੋਂ ਉਨ੍ਹਾਂ ਖ਼ਿਲਾਫ਼ ਦਰਜ ਕਰਵਾਈ ਗਈ ਐੱਫਆਈਆਰ ਨੂੰ ਰੱਦ ਕਰਨ ਲਈ ਦਾਖ਼ਲ ਕੀਤੀ ਹੈ। ਪਾਇਲਟ ਨੇ ਆਪਣੀ ਪਟੀਸ਼ਨ ’ਚ ਕਿਹਾ ਹੈ ਕਿ ਉਹ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ, ਪਤਨੀ ਤੇ ਸਹੁਰਾ ਪੱਖ ਵੱਲੋਂ ਲਗਾਤਾਰ ਮਾਨਸਿਕ ਸ਼ੋਸ਼ਣ ਦੇ ਸ਼ਿਕਾਰ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਐੱਫਆਈਆਰ ਰੱਦ ਕਰਨ ਦੀ ਪਟੀਸ਼ਨ ਖ਼ਾਰਜ ਕੀਤੇ ਜਾਣ ਤੋਂ ਬਾਅਦ ਹਵਾਈ ਫ਼ੌਜ ਦੇ ਅਧਿਕਾਰੀ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਪਟੀਸ਼ਨ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਦੁਸ਼ਮਣੀ ਦੇ ਮੁਕੱਦਮੇ ਵਰਗਾ ਹੈ। ਅਦਾਲਤ ਨੇ ਪਤਨੀ-ਪਤਨੀ ਨੂੰ ਸੁਹਿਰਦਤਾ ਨਾਲ ਵਿਵਾਦ ਹੱਲ ਕਰ ਕੇ ਜੀਵਨ ’ਚ ਅੱਗੇ ਵਧਣ ਲਈ ਕਿਹਾ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਹਵਾਈ ਫ਼ੌਜ ਦੇ ਅਧਿਕਾਰੀ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਪਤਨੀ ਦਿੱਲੀ ਤੇ ਹਰਿਆਣਾ ਦੀਆਂ ਵੱਖ-ਵੱਖ ਅਦਾਲਤਾਂ ’ਚ ਝੂਠੀਆਂ ਸ਼ਿਕਾਇਤਾਂ ਤੇ ਮਾਮਲੇ ਦਰਜ ਕਰਵਾਉਂਦੀ ਰਹੀ ਹੈ। ਜਦ ਉਨ੍ਹਾਂ ਨੂੰ ਅਦਾਲਤਾਂ ਤੋਂ ਕੋਈ ਰਾਹਤ ਨਹੀਂ ਮਿਲੀ, ਤਾਂ ਉਨ੍ਹਾਂ ਨੇ ਹਵਾਈ ਫ਼ੌਜ ਤੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਵਾਰ-ਵਾਰ ਝੂਠੀਆਂ ਸ਼ਿਕਾਇਤਾਂ ਦਰਜ ਕਰਵਾਈਆਂ। ਅਜਿਹੀਆਂ ਸ਼ਿਕਾਇਤਾਂ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਹਨ ਤੇ ਇਸ ਮਾਮਲੇ ’ਚ ਅਪਰਾਧਕ ਕਾਰਵਾਈ ਜਾਰੀ ਰੱਖਣਾ ਇਨਸਾਫ਼ ਦੇ ਹਿੱਤ ’ਚ ਨਹੀਂ ਹੋਵੇਗਾ।



