Punjab

ਬਦਮਾਸ਼ਾਂ ਨੇ ਬੈਂਕ ਮੁਲਾਜ਼ਮ ਨੂੰ ਬਣਾਇਆ ਨਿਸ਼ਾਨਾ, 10 ਸੈਕੰਡ ‘ਚ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ

ਲੁਧਿਆਣਾ, 26 ਅਕਤੂਬਰ : ਨਕਾਬਪੋਸ਼ ਬਦਮਾਸ਼ਾਂ ਨੇ ਐਚਡੀਐਫਸੀ ਬੈਂਕ ਦੇ ਮੁਲਾਜ਼ਮ ਨੂੰ ਨਿਸ਼ਾਨਾ ਬਣਾਉਂਦਿਆਂ 10 ਸੈਕੰਡ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮੁੰਡੀਆਂ ਖੁਰਦ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਦੀ ਸ਼ਿਕਾਇਤ ਤੇ ਤਿੰਨ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਐਚਡੀਐਫਸੀ ਬੈਂਕ ਦੇ ਸੇਲ ਡਿਪਾਰਟਮੈਂਟ ਵਿੱਚ ਮਾਰਕੀਟਿੰਗ ਦਾ ਕੰਮ ਕਰਦਾ ਹੈ। ਬੀਤੇ ਦਿਨੀ ਤਿਉਹਾਰਾਂ ਦਾ ਸੀਜ਼ਨ ਹੋਣ ਕਰਕੇ ਉਹ ਅਕਸਰ ਕੰਮ ਤੋਂ ਲੇਟ ਘਰ ਆਉਂਦਾ ਸੀ। ਕੁਝ ਦਿਨ ਪਹਿਲੋਂ ਰਾਤ ਵੇਲੇ ਉਹ ਆਪਣੇ ਪਲੈਟੀਨਾ ਮੋਟਰਸਾਈਕਲ ਤੇ ਸਵਾਰ ਹੋ ਕੇ 12 ਵਜੇ ਦੇ ਕਰੀਬ ਘਰ ਵੱਲ ਨੂੰ ਨਿਕਲਿਆ। ਗੁਰਸੇਵਕ ਸਿੰਘ ਜਿਵੇਂ ਹੀ ਢੰਡਾਰੀ ਫਲਾਈ ਓਵਰ ਦੇ ਕੋਲ ਪਹੁੰਚਿਆ ਤਾਂ ਇੱਕ ਮੋਟਰਸਾਈਕਲ ਉਸਦੇ ਬਰਾਬਰ ਆ ਗਿਆ। ਤਿੰਨ ਨਕਾਬਪੋਸ਼ ਮੋਨੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਸਨ। ਤੇਜ਼ ਤਰਾਰ ਬਦਮਾਸ਼ਾਂ ਨੇ ਚਲਦੇ ਮੋਟਰਸਾਈਕਲ ਚੋਂ ਚਾਬੀ ਕੱਢ ਲਈ। ਇਸੇ ਦੌਰਾਨ ਪਿੱਛੇ ਬੈਠੇ ਨਕਾਬੋਸ਼ ਨੌਜਵਾਨ ਨੇ ਬੇਸਬਾਲ ਨਾਲ ਵਾਰ ਕਰਕੇ ਗੁਰਸੇਵਕ ਸਿੰਘ ਨੂੰ ਜਮੀਨ ਤੇ ਸੁੱਟ ਦਿੱਤਾ। ਕੁਝ ਹੀ ਸੈਕਿੰਡਾਂ ਵਿੱਚ ਮੁਲਜਮ ਗੁਰਸੇਵਕ ਦਾ ਮੋਟਰਸਾਈਕਲ ਅਤੇ ਬੈਗ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਨੌਜਵਾਨ ਨੇ ਦੱਸਿਆ ਕਿ ਉਸਦੇ ਬੈਗ ਵਿੱਚ ਦੋ ਮੋਬਾਇਲ ਫੋਨ ਪਰਸ ਅਤੇ ਕੁਝ ਜਰੂਰੀ ਦਸਤਾਵੇਜ ਸਨ।

ਪਿਛਲੇ ਸਾਲ ਖਰੀਦਿਆ ਸੀ ਮੋਟਰਸਾਈਕਲ

ਗੁਰਸੇਵਕ ਨੇ ਦੱਸਿਆ ਕਿ ਮਾਰਕੀਟਿੰਗ ਦਾ ਕੰਮ ਹੋਣ ਕਾਰਨ ਉਸਨੇ ਸਾਲ 2024 ਵਿੱਚ ਪਲੈਟੀਨਾ ਮੋਟਰਸਾਈਕਲ ਖਰੀਦਿਆ ਸੀ। ਨੌਜਵਾਨ ਨੇ ਦੱਸਿਆ ਕਿ ਲੁੱਟੇ ਮੋਟਰਸਾਈਕਲ ਦੀਆਂ ਦੋ ਕਿਸ਼ਤਾਂ ਅਜੇ ਬਕਾਇਆ ਸਨ।

10 ਦਿਨਾਂ ਬਾਅਦ ਕੀਤਾ ਗਿਆ ਮੁਕਦਮਾ ਦਰਜ

ਨੌਜਵਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਇਹ ਵਾਰਦਾਤ 15 ਅਕਤੂਬਰ ਨੂੰ ਵਾਪਰੀ ਸੀ। ਮੋਟਰਸਾਈਕਲ ਲੁੱਟੇ ਜਾਣ ਤੋਂ ਬਾਅਦ ਉਸਨੇ ਲਗਾਤਾਰ ਪੁਲਿਸ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ, ਪਰ ਤਿਉਹਾਰਾਂ ਦੇ ਦਿਨਾਂ ਕਾਰਨ ਮਾਮਲਾ ਲਗਾਤਾਰ ਠੰਡੇ ਬਸਤੇ ਵਿੱਚ ਪਿਆ ਰਿਹਾ। ਇਸ ਕੇਸ ਵਿੱਚ ਪੁਲਿਸ ਨੇ 10 ਦਿਨਾਂ ਬਾਅਦ ਅਣਪਛਾਤੇ ਤਿੰਨ ਬਦਮਾਸ਼ਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ।

Related Articles

Leave a Reply

Your email address will not be published. Required fields are marked *

Back to top button