
ਬਠਿੰਡਾ, 4 ਮਾਰਚ- ਅਣਪਛਾਤੇ ਲੁਟੇਰਿਆਂ ਨੇ ਸੋਮਵਾਰ ਦੀ ਦੇਰ ਰਾਤ ਨੂੰ ਬਠਿੰਡਾ ਮਲੋਟ ਰੋਡ ’ਤੇ ਇਕ ਚੌਂਕੀਦਾਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜਦੋਂ ਕਿ ਇਕ ਚੌਂਕੀਦਾਰ ਤੋਂ ਮੋਬਾਈਲ ਫੋਨ ਖੋਹ ਲਿਆ ਗਿਆ। ਚੌਂਕੀਦਾਰ ਦੇ ਕਤਲ ਤੋਂ ਬਾਅਦ ਮਲੋਟ ਰੋਡ ’ਤੇ ਆਪਣੇ ਖੋਖੇ ਅਤੇ ਦੁਕਾਨਾਂ ਕਰਨ ਵਾਲੇ ਲੋਕਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਯੁੱਧਿਆ ਦਾ ਰਹਿਣ ਵਾਲਾ ਕਿਸ਼ਨ 50 ਸਾਲ ਬਠਿੰਡਾ ਮਲੋਟ ਰੋਡ ’ਤੇ ਚੌਂਕੀਦਾਰੀ ਕਰਦਾ ਆ ਰਿਹਾ ਸੀ। ਉਹ ਇੱਥੇ ਆਪਣੇ ਭਾਣਜੇ ਰਾਮ ਲਖਣ ਕੋਲ ਰਹਿ ਰਿਹਾ ਸੀ। ਹਰ ਰੋਜ਼ ਦੀ ਤਰ੍ਹਾਂ ਸੋਮਵਾਰ ਨੂੰ ਵੀ ਉਹ ਬਠਿੰਡਾ ਮਲੋਟ ਰੋਡ ’ਤੇ ਆਪਣੀ ਡਿਊਟੀ ਦੇ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਅਣਪਛਾਤੇ ਲੁਟੇਰਿਆਂ ਨੇ ਮਲੋਟ ਰੋਡ ਤੇ ਸਥਿਤ ਕੁਝ ਖੋਖਿਆਂ ਦੇ ਤਾਲੇ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਨੂੰ ਰੋਕਣ ਲਈ ਚੌਂਕੀਦਾਰ ਕਿਸ਼ਨ ਵੀ ਉੱਥੇ ਪੁੱਜਾ। ਇਸ ਦੌਰਾਨ ਲੁਟੇਰਿਆਂ ਨੇ ਉਸ ਦੇ ਸਿਰ ਵਿੱਚ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਇਸ ਤੋਂ ਬਾਅਦ ਚੌਂਕੀਦਾਰ ਨੇ ਭੱਜ ਕੇ ਆਪਣੀ ਜਾਨ ਬਚਾਉਣੀ ਚਾਹੀ, ਪਰ ਲੁਟੇਰਿਆਂ ਨੇ ਤੇਜ ਧਾਰ ਹਥਿਆਰਾਂ ਨਾਲ ਉਸ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ, ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਹਮਲਾਵਰਾਂ ਨੇ ਚੌਂਕੀਦਾਰ ਦੀਆਂ ਅੱਖਾਂ ਬੁਰੀ ਤਰ੍ਹਾਂ ਭੰਨ੍ਹ ਦਿੱਤੀਆਂ। ਇਸ ਘਟਨਾ ਦਾ ਪਤਾ ਸਵੇਰੇ ਲੱਗਾ ਜਦੋਂ ਕਿਸੇ ਨੇ ਸਹਾਰਾ ਜਨ ਸੇਵਾ ਦੇ ਵਰਕਰਾਂ ਨੂੰ ਇਸ ਦੀ ਸੂਚਨਾ ਦਿੱਤੀ। ਇਸ ਘਟਨਾ ਤੋਂ ਪਹਿਲਾਂ ਸੋਮਵਾਰ ਰਾਤ ਕਰੀਬ 10:30 ਵਜੇ ਸਕੂਟਰੀ ਸਵਾਰ ਇਕ ਮਰਦ ਤੇ ਔਰਤ ਨੂੰ ਤੇਜ਼ਧਾਰ ਹਥਿਆਰ ਨਾਲ ਡਰਾ ਕੇ ਝੀਲਾਂ ਨੇੜੇ ਚੌਂਕੀਦਾਰ ਤੋਂ ਸਦਾ ਮੋਬਾਈਲ ਫੋਨ ਖੋਹ ਲਿਆ। ਉਥੇ ਮੌਜ਼ੂਦ ਲੋਕਾਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਚੋਰੀ ਦੀ ਨੀਅਤ ਨਾਲ ਦੋ ਖੋਖਿਆਂ ਦੇ ਤਾਲੇ ਤੋੜੇ ਸਨ ਪਰ ਖੋਖਿਆਂ ਵਿੱਚੋਂ ਸਮਾਨ ਚੋਰੀ ਨਹੀਂ ਹੋਇਆ। ਲੋਕਾਂ ਨੇ ਦੱਸਿਆ ਕਿ ਲੱਗਦਾ ਹੈ ਕਿ ਜਦੋਂ ਅਣਪਛਾਤੇ ਵਿਅਕਤੀ ਖੋਖਿਆਂ ਵਿਚ ਚੋਰੀ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਚੌਂਕੀਦਾਰ ਮੌਕੇ ’ਤੇ ਆ ਗਿਆ ਅਤੇ ਲੁਟੇਰੇ ਉਸਦਾ ਕਤਲ ਕਰਕੇ ਫਰਾਰ ਹੋ ਗਏ। ਲੋਕਾਂ ਨੇ ਦੱਸਿਆ ਕਿ ਉਕਤ ਵਿਅਕਤੀ ਕਰੀਬ ਦੋ ਮਹੀਨਿਆਂ ਤੋਂ ਇੱਥੇ ਠੇਕੇਦਾਰ ਕੋਲ ਚੌਕੀਦਾਰੀ ਕਰ ਰਿਹਾ ਸੀ। ਕੁੱਝ ਦਿਨ ਬਾਅਦ ਉਸਨੇ ਆਪਣੇ ਪਿੰਡ ਅਯੁਧਿਆ ਵਾਪਸ ਜਾਣਾ ਸੀ, ਪਰ ਪਹਿਲਾਂ ਹੀ ਉਸਦੀ ਹੱਤਿਆ ਹੋ ਗਈ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਜੇਕਰ ਇਸ ਤਰ੍ਹਾਂ ਸ਼ਰੇਆਮ ਚੌਂਕੀਦਾਰਾਂ ਦੇ ਕਤਲ ਹੋਣ ਲੱਗ ਪਏ ਤਾਂ ਫ਼ਿਰ ਕਿਸੇ ਨੇ ਵੀ ਚੌਂਕੀਦਾਰ ਦੀ ਡਿਊਟੀ ਨਹੀਂ ਕਰਨੀ। ਘਟਨਾ ਦਾ ਪਤਾ ਲੱਗਦਿਆਂ ਹੀ ਐਸਪੀ ਸਿਟੀ ਨਰਿੰਦਰ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਥਾਣਾ ਥਰਮਲ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।



