
ਸੰਗਤ ਮੰਡੀ, 11 ਜੁਲਾਈ : ਪਿੰਡ ਕੋਟਗੁਰੂ ਦੇ ਸਬ ਮਾਈਨਰ ’ਚੋਂ ਇਕ ਅਣਪਛਾਤੇ ਬੱਚੇ ਦੀ ਲਾਸ਼ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ, ਜਿਸ ਦੀ ਪਛਾਣ ਨਹੀਂ ਹੋ ਸਕੀ। ਜਾਣਕਾਰੀ ਦਿੰਦਿਆਂ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਕੇਵਲ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਪਿੰਡ ਕੋਟਗੁਰੂ ਦੇ ਸਰਪੰਚ ਕੁਲਵਿੰਦਰ ਸਿੰਘ ਤੇ ਪੰਚ ਸੁਖਦੀਪ ਸਿੰਘ ਵੱਲੋਂ ਸੂਚਨਾ ਦਿੱਤੀ ਗਈ ਕਿ ਉਨ੍ਹਾਂ ਦੇ ਪਿੰਡ ਦੀ ਕੱਸੀ ਦੇ ਪੁਲ ਨੇੜੇ ਇਕ ਅਣਪਛਾਤੇ ਬੱਚੇ ਦੀ ਲਾਸ਼ ਪਈ ਹੈ, ਜਿਸ ਦੀ ਸੂਚਨਾ ਮਿਲਣ ’ਤੇ ਉਹ ਪੁਲਿਸ ਪਾਰਟੀ ਤੇ ਸਹਾਰਾ ਟੀਮ ਦੇ ਮੈਂਬਰਾਂ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਪਿੰਡ ਵਾਸੀਆਂ ਤੇ ਸੰਸਥਾ ਵਰਕਰ ਦੀ ਮਦਦ ਨਾਲ ਲਾਸ਼ ਨੂੰ ਕੱਸੀ ’ਚੋਂ ਬਾਹਰ ਕੱਢ ਲਿਆ। ਮ੍ਰਿਤਕ ਬੱਚੇ ਦੀ ਉਮਰ 12-13 ਸਾਲ ਦੇ ਕਰੀਬ ਜਾਪਦੀ ਹੈ, ਜਿਸ ਨੇ ਸਿਰਫ਼ ਕੌਫੀ ਰੰਗ ਦੀ ਗੁਲਾਬੀ ਧਾਰੀਆਂ ਵਾਲੀ ਨਿੱਕਰ ਪਹਿਨੀ ਹੋਈ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਬਠਿੰਡਾ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਜਾਂਚ ਸੁਰੂ ਕਰ ਦਿੱਤੀ ਹੈ। ਸਹਾਇਕ ਥਾਣੇਦਾਰ ਕੇਵਲ ਸਿੰਘ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਰਾਹੀਂ ਇਸ ਲਾਸ਼ ਦੀ ਪਛਾਣ ਲਈ ਪੁਲਿਸ ਦੀ ਮਦਦ ਕਰਨ ਤਾਂ ਜੋ ਲਾਸ਼ ਨੂੰ ਵਾਰਸਾਂ ਹਵਾਲੇ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਉਕਤ ਬੱਚੇ ਦੀ ਲਾਸ਼ ਨੂੰ 72 ਘੰਟੇ ਲਈ ਸਿਵਲ ਹਸਪਤਾਲ ਬਠਿੰਡਾ ਦੀ ਮੋਰਚਰੀ ’ਚ ਰੱਖਿਆ ਜਾਵੇਗਾ।



