Punjab

ਬਠਿੰਡਾ ਦਾ ਹਾਜੀਰਤਨ ਧਾਰਮਿਕ ਸਥਾਨ ਦੇ ਰਿਹੈ ਭਾਈਚਾਰਕ ਸਾਂਝ ਦਾ ਸੰਦੇਸ਼, ਇੱਕੋ ਇਮਾਰਤ ’ਚ ਹਨ ਗੁਰਦੁਆਰਾ ਤੇ ਦਰਗਾਹ

ਬਠਿੰਡਾ, 2 ਜੁਲਾਈ :  ਬਠਿੰਡਾ ਵਿਚ ਧਾਰਮਿਕ ਤੇ ਇਤਿਹਾਸਕ ਸਥਾਨ ਹਾਜੀਰਤਨ ਸਾਹਿਬ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦੇ ਰਿਹਾ ਹੈ। ਇਹ ਧਾਰਮਿਕ ਸਥਾਨ ਆਪਸੀ ਭਾਈਚਾਰਕ ਏਕਤਾ ਦੀ ਵੱਡੀ ਮਿਸਾਲ ਹੈ। ਇਕ ਹੀ ਇਮਾਰਤ ਵਿਚ ਜਿੱਥੇ ਗੁਰਦੁਆਰਾ ਹਾਜੀਰਤਨ ਸਾਹਿਬ ਹੈ, ਉਥੇ ਫਕੀਰ ਬਾਬਾ ਹਾਜੀਰਤਨ ਦੀ ਦਰਗਾਹ ਵੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਧਾਰਮਿਕ ਸਥਾਨ ਨੂੰ ਸਾਰੇ ਧਰਮਾਂ ਦੇ ਲੋਕ ਮੰਨਦੇ ਹਨ। ਇਸ ਦਾ ਵੱਡਾ ਕਾਰਨ ਹੈ ਕਿ ਰਤਨ ਹਿੰਦੀ ਇਕ ਹਿੰਦੂ ਪਰਿਵਾਰ ਵਿੱਚੋਂ ਸਨ, ਜਿਨ੍ਹਾਂ ਦੇ ਹੱਜ ਕਰਨ ਕਰਕੇ ਉਹ ਰਤਨ ਹਾਜੀ ਤੇ ਫਿਰ ਬਾਬਾ ਹਾਜੀਰਤਨ ਬਣੇ। ਗੁਰੂ ਗੋਬਿੰਦ ਸਿੰਘ ਜੀ ਨੇ 1706 ਵਿਚ ਬਠਿੰਡਾ ਵਿਚ ਬਾਬਾ ਹਾਜੀਰਤਨ ਕੋਲ ਪਹੁੰਚ ਕੇ ਜਿੱਥੇ ਉਨ੍ਹਾਂ ਨਾਲ ਬਚਨ ਬਲਾਸ ਕੀਤਾ, ਉਥੇ ਹੀ ਬਾਬਾ ਹਾਜੀਰਤਨ ਨੂੰ ਜਨਮ-ਮਰਨ ਤੋਂ ਮੁਕਤ ਕੀਤਾ। ਇਸੇ ਕਾਰਨ ਇਸ ਧਾਰਮਿਕ ਸਥਾਨ ’ਤੇ ਸਾਰੇ ਧਰਮਾਂ ਦੇ ਲੋਕ ਨਤਮਸਤਕ ਹੁੰਦੇ ਹਨ। ਇਹ ਅਜਿਹਾ ਧਾਰਮਿਕ ਸਥਾਨ ਹੈ ਜਿਹੜਾ ਆਪਸੀ ਭਾਈਚਾਰਕ ਸਾਂਝ ਦੀ ਵੱਡੀ ਮਿਸਾਲ ਬਣਿਆ ਹੋਇਆ ਹੈ। ਹਾਜੀਰਤਨ ਵਿਚ ਇਕ ਪਾਸੇ ਗੁਰਬਾਣੀ ਚੱਲ ਰਹੀ ਹੁੰਦੀ ਅਤੇ ਦੂਜੇ ਪਾਸੇ ਨਮਾਜ਼ ਅਦਾ ਕੀਤੀ ਜਾ ਰਹੀ ਹੁੰਦੀ ਹੈ। ਸਵੇਰ ਅਤੇ ਸ਼ਾਮ ਅਜਿਹਾ ਸਮਾਂ ਹੁੰਦਾ ਹੈ, ਜਦੋਂ ਗੁਰਦੁਆਰੇ ਹਾਜੀਰਤਨ ਸਾਹਿਬ ਵਿਚ ਗੁਰਬਾਣੀ ਅਤੇ ਰਸਭਿੰਨੇ ਕੀਰਤਨ ਕੰਨੀਂ ਪੈ ਰਿਹਾ ਹੁੰਦਾ ਹੈ ਅਤੇ ਦੂਜੇ ਪਾਸੇ ਨਮਾਜ਼ ਅਦਾ ਕਰਨ ਦੀ ਆਵਾਜ਼ ਸੁਣਾਈ ਦਿੰਦੀ ਹੈ। ਬਾਬਾ ਹਾਜੀਰਤਨ ਦੀ ਦਰਗਾਹ ’ਤੇ ਜਾਣ ਵਾਲੇ ਲੋਕ ਗੁਰਦੁਆਰਾ ਸਾਹਿਬ ਵੀ ਨਮਸਤਕ ਹੁੰਦੇ ਹਨ ਜਦੋਂ ਕਿ ਗੁਰੂ ਜਾਣ ਵਾਲੇ ਲੋਕ ਦਰਗਾਹ ਵਿਚ ਹਾਜ਼ਰੀ ਲਗਵਾਉਣੀ ਨਹੀਂ ਭੁੱਲਦੇ। ਇਹ ਧਾਰਮਿਕ ਸਥਾਨ ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਹੈ ਜਿਸ ਕਾਰਨ ਇਹ ਸਥਾਨ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੁਤ ਕਰਨ ਅਤੇ ਸਦਭਾਵਨਾ ਨਾਲ ਰਹਿਣ ਲਈ ਪ੍ਰੇਰਿਤ ਕਰਦਾ ਹੈ। ਇਤਿਹਾਸਕਾਰਾਂ ਅਨੁਸਾਰ ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਰਤਨ ਹਿੰਦੀ ਵਪਾਰੀ ਸਨ। ਉਹ ਅਕਸਰ ਅਰਬ ਜਾਂਦੇ ਰਹਿੰਦੇ ਸਨ। ਬਾਬਾ ਰਤਨ ਹਿੰਦੀ ਹਿੰਦੂ ਧਰਮ ਦੇ ਪੈਰੋਕਾਰ ਸਨ, ਪਰ ਜਦੋਂ ਉਨ੍ਹਾਂ ਹੱਜ ਕੀਤਾ ਤਾਂ ਉਨ੍ਹਾਂ ਦਾ ਨਾਂ ਰਤਨ ਹਾਜੀ ਪੈ ਗਿਆ ਅਤੇ ਬਾਅਦ ਵਿਚ ਉਹ ਹਾਜੀਰਤਨ ਦੇ ਨਾਂ ਨਾਲ ਮਸ਼ਹੂਰ ਹੋਏ। ਉਨ੍ਹਾਂ ਇਸਲਾਮ ਧਾਰਨ ਕੀਤਾ ਕਿ ਨਹੀਂ, ਇਸ ਉੱਪਰ ਕਈ ਇਤਿਹਾਸਕਾਰਾਂ ਦੀ ਰਾਇ ਵੱਖੋ ਵੱਖਰੀ ਹੈ। ਮਸਤਾਨ ਸੂਫੀ ਅਨੁਸਾਰ ਇਕ ਵਾਰ ਬਾਬਾ ਰਤਨ ਹਿੰਦੀ ਨੇ ਅਰਬ ਸਮੇਤ ਮੱਕਾ ਦੀ ਯਾਤਰਾ ਕੀਤੀ ਅਤੇ ਇੱਕ ਛੋਟੇ ਜਿਹੇ ਪਿੰਡ ਵਿੱਚੋਂ ਲੰਘੇ। ਉਥੇ ਇਕ ਛੋਟਾ ਜਿਹਾ ਸੁੰਦਰ ਮੁੰਡਾ ਮਿਲਿਆ, ਜਿਹੜਾ ਇਕ ਨੇੜਲੀ ਨਦੀ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਇਹ ਦੇਖ ਕੇ ਰਤਨ ਹਿੰਦੀ ਨੇ ਉਸ ਨੂੰ ਆਪਣੇ ਮੋਢਿਆਂ ’ਤੇ ਚੁੱਕ ਕੇ ਛੋਟੀ ਨਦੀ ਪਾਰ ਕਰਵਾਈ ਤਾਂ ਉਸ ਮੁੰਡੇ ਰਤਨ ਹਿੰਦੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਬਾਬਾ ਹਾਜੀਰਤਨ ਨੂੰ ਲੈ ਕੇ ਕਈ ਦੰਦਕਥਾਵਾਂ ਚੱਲਦੀਆਂ ਹਨ, ਜਿਸ ਤਹਿਤ ਕਿਹਾ ਜਾਂਦਾ ਹੈ ਉਹ ਪੈਗੰਬਰ ਮੁਹੰਮਦ ਦੇ ਸਾਥੀ ਸਨ ਅਤੇ 700 ਸਾਲਾਂ ਤੋਂ ਵੱਧ ਸਮੇਂ ਤਕ ਜਿਉਂਦੇ ਰਹੇ। ਬਾਬਾ ਰਤਨ ਦੋ ਵਾਰ ਮੱਕਾ ਗਏ ਸਨ ਅਤੇ ਦੋਵੇਂ ਵਾਰ ਪੈਗੰਬਰ ਨੂੰ ਮਿਲੇ ਸਨ। ਬਾਬਾ ਨੇ ਪੈਗੰਬਰ ਨੂੰ ਕੋਈ ਚਮਤਕਾਰ ਦਿਖਾਉਣ ਲਈ ਕਿਹਾ ਤਾਂ ਉਨ੍ਹਾਂ ਅੱਗਿਓਂ ਕਿਹਾ ਜਦੋਂ ਤੁਸੀ ਨਦੀਂ ਪਾਰ ਕਰਵਾਈ ਸੀ ਤਾਂ ਉਸ ਸਮੇਂ ਤੁਹਾਡੀ ਲੰਬੀ ਉਮਰ ਦੀ ਕਾਮਨਾ ਕੀਤੀ, ਇਹ ਚਮਤਕਾਰ ਨਹੀਂ ਸੀ।

Related Articles

Leave a Reply

Your email address will not be published. Required fields are marked *

Back to top button