
ਬਠਿੰਡਾ, 4 ਅਕਤੂਬਰ : ਬਠਿੰਡਾ ਕੇਂਦਰੀ ਜੇਲ੍ਹ ਤੋਂ ਦਿਨ-ਦਿਹਾੜੇ ਭੱਜਣ ਵਾਲੇ ਹਵਾਲਾਤੀ ਤਿਲਕ ਰਾਜ ਨੂੰ ਆਖ਼ਰਕਾਰ ਬਠਿੰਡਾ ਕੈਂਟ ਪੁਲਿਸ ਸਟੇਸ਼ਨ ਦੇ ਪੁਲਿਸ ਇੰਸਪੈਕਟਰ ਦਲਜੀਤ ਸਿੰਘ ਦੀ ਅਗਵਾਈ ਵਿਚ ਸ੍ਰੀ ਗੰਗਾਨਗਰ ’ਚੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਹਵਾਲਾਤੀ ਦੇ ਫਰਾਰ ਹੋਣ ਤੋਂ ਬਾਅਦ ਆਪਣਾ ਜਾਲ ਪੂਰੀ ਤਰ੍ਹਾਂ ਵਿਛਾ ਰੱਖਿਆ ਸੀ। ਪੁਲਿਸ ਨੇ ਉਸ ਦੇ ਜੱਦੀ ਘਰ ਦਾ ਪਤਾ ਲਗਾ ਕੇ ਉੱਥੇ ਚੌਕਸੀ ਵਧਾ ਦਿੱਤੀ ਸੀ ਅਤੇ ਇਸ ਮਾਮਲੇ ਵਿਚ ਬਠਿੰਡਾ ਪੁਲਿਸ ਰਾਜਸਥਾਨ ਪੁਲਿਸ ਦੇ ਸੰਪਰਕ ਵਿਚ ਸੀ। ਇੱਥੋਂ ਫਰਾਰ ਹੋਣ ਤੋਂ ਬਾਅਦ ਮੁਲਜ਼ਮ ਪਹਿਲਾਂ ਕਿਸੇ ਵਹੀਕਲ ’ਤੇ ਲਿਫਟ ਲੈ ਕੇ ਨਿਕਲਿਆ ਅਤੇ ਆਪਣੇ ਜੱਦੀ ਪਿੰਡ ਪਹੁੰਚ ਗਿਆ। ਬਠਿੰਡਾ ਪੁਲਿਸ ਨੇ ਉਸ ਦੇ ਘਰ ਛਾਪੇਮਾਰੀ ਦੌਰਾਨ ਰਾਜਸਥਾਨ ਪੁਲਿਸ ਦਾ ਸਹਿਯੋਗ ਵੀ ਲਿਆ। ਜੇਲ੍ਹ ਵਿਚੋਂ ਭੱਜਣ ਤੋਂ ਬਾਅਦ ਤਿਲਕ ਰਾਜ ਰਾਜਸਥਾਨ ਆਪਣੇ ਜੱਦੀ ਪਿੰਡ ਚਲਾ ਗਿਆ। ਸੂਤਰਾਂ ਅਨੁਸਾਰ ਤਿਲਕ ਰਾਜ ਦਾ ਪਿਛੋਕੜ ਗੰਗਾਨਗਰ ਜ਼ਿਲ੍ਹੇ ਨਾਲ ਜੁੜਿਆ ਹੋਇਆ ਹੈ ਪਰ ਹੁਣ ਉਹ ਬਠਿੰਡਾ ਦੇ ਪਰਸਰਾਮ ਨਗਰ ਵਿਚ ਰਿਹਾ ਸੀ। ਕੁੱਝ ਦਿਨ ਪਹਿਲਾਂ ਉਸ ਨੇ ਬਠਿੰਡਾ ਸ਼ਹਿਰ ਅੰਦਰ ਇਕ ਮਕਾਨ ਵਿਚੋਂ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਕੀਤੇ ਸਨ। ਪਰ ਪੁਲਿਸ ਨੇ ਉਸ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ। ਜੇਲ੍ਹ ਵਿਚੋਂ ਫਰਾਰ ਹੋਣ ਬਾਅਦ ਉਹ ਰਾਜਸਥਾਨ ਵਿਚ ਸਥਿਤ ਆਪਣੇ ਘਰ ਪੁੱਜ ਗਿਆ ਸੀ। ਪੁਲਿਸ ਅਧਿਕਾਰੀਆਂ ਮੁਤਾਬਕ, ਉਸ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਪੁੱਛਗਿੱਛ ਤੋਂ ਬਾਅਦ ਹੀ ਉਸ ਦੇ ਜੇਲ੍ਹ ਵਿਚੋਂ ਫਰਾਰ ਹੋਣ ਦੀ ਕਹਾਣੀ ਤੋਂ ਪਰਦਾ ਉੱਠ ਸਕੇਗਾ। ਜ਼ਿਕਰਯੋਗ ਹੈ ਤਿਲਕਰਾਜ ਦੇ ਫਰਾਰ ਹੋਣ ਦੀ ਘਟਨਾ ਜੇਲ੍ਹ ਦੇ ਕਿਸੇ ਵੀ ਸੀਸੀਟੀਵੀ ਕੈਮਰੇ ਵਿਚ ਕੈਦ ਨਹੀਂ ਹੋਈ, ਜਿਸ ਕਾਰਨ ਉਸਦੇ ਫਰਾਰ ਹੋਣ ਦਾ ਮਾਮਲਾ ਅਜੇ ਰਹੱਸ ਬਣਿਆ ਹੋਇਆ ਹੈ। ਸਮਝਿਆ ਜਾ ਰਿਹਾ ਹੈ ਕਿ ਜੇਲ੍ਹ ਵਿਚ ਸਾਮਾਨ ਛੱਡਣ ਲਈ ਆਈ ਕੋਈ ਗੱਡੀ ਜਾ ਕੂੜਾ ਚੁੱਕਣ ਵਾਲੀ ਟਰਾਲੀ ਵਿਚ ਬੈਠ ਕੇ ਉਹ ਫਰਾਰ ਹੋਇਆ ਹੈ ਪਰ ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਇਸ ਮਾਮਲੇ ਵਿਚ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਸ ਦੀ ਜਾਂਚ ਲਈ ਜੇਲ੍ਹ ਵਿਭਾਗ ਨੇ ਇੰਸਪੈਕਟਰ ਜਨਰਲ ਰੂਪ ਕੁਮਾਰ ਅਰੋੜਾ ਦੀ ਅਗਵਾਈ ਵਿਚ ਵਿਸ਼ੇਸ਼ ਜਾਂਚ ਟੀਮ ਬਣਾਈ। ਇਸ ਦੌਰਾਨ ਬਠਿੰਡਾ ਜੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਦਾ ਇਸ ਮਾਮਲੇ ਸਬੰਧੀ ਤਬਾਦਲਾ ਕਰ ਦਿੱਤਾ ਗਿਆ ਹੈ।



