ਬਠਿੰਡਾ ‘ਚ ਪ੍ਰਸ਼ਾਸਨ ਨੇ ਨਸ਼ਾ ਵੇਚ ਕੇ ਬਣਾਈ ਜਾਇਦਾਦ ‘ਤੇ ਚਲਾਇਆ ਬੁਲਡੋਜ਼ਰ, ਦੋ ਮਹਿਲਾ ਤਸਕਰਾਂ ਦੇ ਗੈਰ-ਕਾਨੂੰਨੀ ਘਰ ਢਾਹੇ

ਬਠਿੰਡਾ, 16 ਜੂਨ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਤਹਿਤ, ਬਠਿੰਡਾ ਪੁਲਿਸ ਨੇ ਸੋਮਵਾਰ ਨੂੰ ਨਸ਼ਿਆਂ ਲਈ ਬਦਨਾਮ ਧੋਬੀਆਣਾ ਬਸਤੀ ਤੋਂ ਦੋ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੇ ਜੇਸੀਬੀ ਦੀ ਮਦਦ ਨਾਲ ਨਸ਼ੇ ਵੇਚ ਕੇ ਸਰਕਾਰੀ ਜ਼ਮੀਨ ‘ਤੇ ਗੈਰ-ਕਾਨੂੰਨੀ ਤੌਰ ‘ਤੇ ਬਣਾਏ ਦੋ ਘਰਾਂ ਨੂੰ ਢਾਹ ਦਿੱਤਾ, ਜਿਨ੍ਹਾਂ ਘਰਾਂ ‘ਤੇ ਕਾਰਵਾਈ ਕੀਤੀ ਗਈ, ਉਨ੍ਹਾਂ ਵਿੱਚੋਂ ਇੱਕ ਘਰ ਇੱਕ ਨਸ਼ਾ ਤਸਕਰ ਜੋੜੇ ਦਾ ਸੀ, ਜੋ ਲੰਬੇ ਸਮੇਂ ਤੋਂ ਚਿੱਟਾ ਵੇਚ ਰਹੇ ਸਨ, ਜਦੋਂ ਕਿ ਦੂਜਾ ਘਰ ਵੀ ਇੱਕ ਮਹਿਲਾ ਤਸਕਰ ਦਾ ਸੀ। ਇਸ ਤੋਂ ਇਲਾਵਾ, ਇੱਕ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ, ਜਿਸ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਨਸ਼ਾ ਤਸਕਰੀ ਦੇ ਮਾਮਲੇ ਵੀ ਦਰਜ ਹਨ। ਇਸ ਮਾਮਲੇ ਵਿੱਚ ਸਮਰਥ ਅਥਾਰਟੀ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਜੋਤੀ ਦੁਆਰਾ ਗੈਰ-ਕਾਨੂੰਨੀ ਤੌਰ ‘ਤੇ ਬਣਾਏ ਗਏ 75 ਵਰਗ ਗਜ਼ ਦੇ ਘਰ ਅਤੇ ਰਾਜੂ ਕੌਰ ਦੁਆਰਾ ਬਣਾਏ ਗਏ 100 ਗਜ਼ ਦੇ ਘਰ ਨੂੰ ਢਾਹੁਣ ਲਈ ਪੁਲਿਸ ਸੁਰੱਖਿਆ ਪ੍ਰਬੰਧ ਕਰਨ ਦੇ ਨਿਰਦੇਸ਼ ਪ੍ਰਾਪਤ ਹੋਏ ਸਨ, ਜਿਸ ਤੋਂ ਬਾਅਦ ਸਿਵਲ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਉਕਤ ਘਰਾਂ ਨੂੰ ਢਾਹ ਦਿੱਤਾ। ਸਿਵਲ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਦੋਵਾਂ ਜਾਇਦਾਦਾਂ ਨੂੰ ਢਾਹੁਣ ਤੋਂ ਪਹਿਲਾਂ, ਸਬੰਧਤਾਂ ਨੂੰ ਕਈ ਵਾਰ ਨੋਟਿਸ ਵੀ ਦਿੱਤੇ ਗਏ ਸਨ, ਪਰ ਕਬਜ਼ਾਧਾਰੀਆਂ ਵੱਲੋਂ ਉਕਤ ਜਗ੍ਹਾ ਖਾਲੀ ਨਾ ਕਰਨ ਕਾਰਨ ਬੁਲਡੋਜ਼ਰ ਕਾਰਵਾਈ ਕੀਤੀ ਗਈ। ਐਸਪੀ ਸਿਟੀ ਨੇ ਕਿਹਾ ਕਿ ਦੋਵਾਂ ਔਰਤਾਂ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਗੰਭੀਰ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ।



