ਬਠਿੰਡਾ ‘ਚ ਪੁਲ ਤੋਂ ਨਹਿਰ ‘ਚ ਡਿੱਗੀ ਕਾਰ, ਪਰਿਵਾਰ ਦੇ 11 ਜੀਅ ਕੱਢੇ ਸੁਰੱਖਿਅਤ
ਬਚਾਉਣ ਵਾਲਿਆਂ ਦਾ 15 ਅਗਸਤ ਨੂੰ ਕੀਤਾ ਜਾਵੇਗਾ ਸਨਮਾਨ

ਬਠਿੰਡਾ, 24 ਜੁਲਾਈ : ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ’ਤੇ ਬਣੇ ਬਹਿਮਣ ਪੁਲ ’ਤੇ ਬੁੱਧਵਾਰ ਸਵੇਰੇ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ। ਕਾਰ ਵਿੱਚ ਇੱਕੋ ਪਰਿਵਾਰ ਦੇ 11 ਲੋਕ ਸਵਾਰ ਸਨ, ਜਿਨ੍ਹਾਂ ਵਿਚ ਪੰਜ ਬੱਚੇ ਵੀ ਸ਼ਾਮਲ ਸਨ। ਹਾਦਸੇ ਦਾ ਪਤਾ ਲੱਗਣ ’ਤੇ ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ, ਜਿਨ੍ਹਾਂ ਦੀ ਬਦੌਲਤ ਸਾਰਿਆਂ ਨੂੰ ਸੁਰੱਖਿਅਤ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ। ਹਾਲਾਂਕਿ ਇਕ ਛੋਟੇ ਬੱਚੇ ਦੇ ਸਰੀਰ ਵਿੱਚ ਪਾਣੀ ਭਾਰ ਜਾਣ ਕਾਰਨ ਪਹਿਲਾਂ ਉਸ ਦੀ ਹਾਲਤ ਗੰਭੀਰ ਸੀ, ਪਰ ਦੁਪਹਿਰ ਤਕ ਉਹ ਵੀ ਠੀਕ ਹੋ ਗਿਆ। ਪਰਿਵਾਰ ਦੇ ਸਾਰੇ ਮੈਂਬਰ ਭੁੱਚੋ ਮੰਡੀ ਤੋਂ ਪਿੰਡ ਬੀੜ ਤਾਲਾਬ ਆਪਣੇ ਘਰ ਵਾਪਸ ਜਾ ਰਹੇ ਸਨ। ਇਹ ਹਾਦਸਾ ਵਾਪਰਨ ਤੋਂ ਬਾਅਦ ਉੱਥੇ ਬਣੇ ਪੀਸੀਆਰ ਪੁਆਇੰਟ ਦੇ ਪੁਲਿਸ ਕਰਮਚਾਰੀਆਂ ਨੇ ਵੀ ਤੁਰੰਤ ਨਹਿਰ ਵਿੱਚ ਛਾਲ ਮਾਰ ਕੇ ਬਚਾਅ ਕਾਰਜ ਸ਼ੁਰੂ ਕੀਤਾ। ਨਹਿਰ ਵਿੱਚ ਛਾਲ ਮਾਰਨ ਵਾਲੇ ਪੁਲਿਸ ਕਰਮਚਾਰੀਆਂ ਵਿੱਚ ਸੀਨੀਅਰ ਕਾਂਸਟੇਬਲ ਜਸਵੰਤ ਸਿੰਘ ਦਾ ਅੱਜ ਜਨਮ ਦਿਨ ਵੀ ਸੀ, ਜਿਸ ਨੂੰ ਹੁਣ 15 ਅਗਸਤ ਨੂੰ ਸਨਮਾਨਿਤ ਕਰਨ ਲਈ ਵਿਧਾਇਕ ਜਗਰੂਪ ਗਿੱਲ ਨੇ ਸਿਫ਼ਾਰਸ਼ ਵੀ ਕੀਤੀ ਹੈ। ਘਟਨਾ ਤੋਂ ਬਾਅਦ ਬਠਿੰਡਾ ਦੇ ਵਿਧਾਇਕ ਜਗਰੂਪ ਗਿੱਲ ਵੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਜਿੱਥੇ ਹਾਦਸੇ ’ਤੇ ਦੁੱਖ ਪ੍ਰਗਟਾਇਆ, ਉੱਥੇ ਹਾਦਸੇ ਵਿਚ ਮਦਦ ਕਰਨ ਵਾਲੇ ਲੋਕਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਨਹਿਰ ਵਿੱਚ ਛਾਲ ਮਾਰ ਕੇ ਪਰਿਵਾਰ ਦੇ ਮੈਂਬਰਾਂ ਨੂੰ ਬਚਾਉਣ ਵਾਲੇ ਪੁਲਿਸ ਕਰਮਚਾਰੀਆਂ ਨੂੰ 15 ਅਗਸਤ ਨੂੰ ਸਨਮਾਨਿਤ ਕੀਤਾ ਜਾਵੇਗਾ, ਇਸ ਲਈ ਉਹ ਡੀਸੀ ਨਾਲ ਗੱਲ ਕਰਨਗੇ। ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਬੁੱਧਵਾਰ ਕਰੀਬ ਪੰਜ ਵਜੇ ਭੁੱਚੋ ਮੰਡੀ ਗਏ ਸਨ ਅਤੇ ਉਥੋਂ ਆਪਣੇ ਪਿੰਡ ਬੀੜ ਤਾਲਾਬ ਵਾਪਸ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਸਰਹਿੰਦ ਨਹਿਰ ’ਤੇ ਬਹਿਮਣ ਪੁਲ ’ਤੇ ਪਹੁੰਚੇ ਤਾਂ ਸਾਹਮਣੇ ਤੋਂ ਵਾਹਨ ਆ ਰਿਹਾ ਸੀ, ਜਿਸ ਨੂੰ ਕਾਰ ਚਲਾ ਰਹੇ ਉਸ ਦੇ ਬੇਟੇ ਲਬੂ ਕੁਮਾਰ ਨੇ ਰਸਤਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਅਚਾਨਕ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ। ਇਸ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਲੱਗਾ ਕੀ ਹੋ ਗਿਆ। ਕਾਰ ਦੇ ਨਹਿਰ ਵਿੱਚ ਡਿੱਗਣ ਤੋਂ ਬਾਅਦ ਉਸ ਦੀਆਂ ਤਾਕੀਆਂ ਲਾਕ ਹੋ ਗਈਆਂ। ਉੱਥੇ ਮੌਜੂਦ ਲੋਕਾਂ ਨੇ ਤੁਰੰਤ ਨਹਿਰ ਵਿੱਚ ਛਾਲ ਮਾਰ ਦਿੱਤੀ। ਉਹ ਉਨ੍ਹਾਂ ਨੂੰ ਕਾਰ ਦੀਆਂ ਤਾਕੀਆਂ ਖੋਲ੍ਹਣ ਲਈ ਕਹਿ ਰਹੇ ਸਨ, ਪਰ ਪਾਣੀ ਦੇ ਅੰਦਰ ਕਾਰ ਦੀਆਂ ਤਾਕੀਆਂ ਖੁੱਲ੍ਹ ਨਹੀਂ ਰਹੀਆਂ ਸੀ ਜਦੋਂ ਕਿ ਇੱਕ ਸ਼ੀਸ਼ਾ ਹੇਠਾਂ ਹੋ ਗਿਆ, ਜਿਸ ਤੋਂ ਬਾਅਦ ਨਹਿਰ ਵਿਚ ਉਤਰੇ ਇਕ ਵਿਅਕਤੀ ਨੇ ਤੇਸੀ ਦਿੱਤੀ, ਜਿਸ ਦੀ ਮਦਦ ਨਾਲ ਕਾਰ ਦੇ ਹੋਰ ਸ਼ੀਸ਼ਿਆਂ ਨੂੰ ਤੋੜ ਕੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ ਗਿਆ ਜਦੋਂ ਕਿ ਉਸ ਦੀ ਇੱਕ ਪੋਤੀ ਉਸ ਦੀ ਗੋਦ ਵਿੱਚ ਬੈਠੀ ਸੀ, ਜਿਸ ਨੂੰ ਸਭ ਤੋਂ ਪਹਿਲਾਂ ਬਾਹਰ ਕੱਢਿਆ। ਉਨ੍ਹਾਂ ਦਾ ਇਕ ਸਾਲ ਦਾ ਪੋਤਾ ਕਾਫੀ ਗੰਭੀਰ ਹੋ ਗਿਆ। ਸਿਵਲ ਹਸਪਤਾਲ ਵਿੱਚ ਦਾਖਲ ਲਬੂ ਕੁਮਾਰ ਨੇ ਦੱਸਿਆ ਕਿ ਉਹ ਕਾਰ ਚਲਾ ਰਿਹਾ ਸੀ ਤਾਂ ਪਤਾ ਹੀ ਨਹੀਂ ਲੱਗਾ ਕਿ ਹਾਦਸਾ ਕਿਵੇਂ ਹੋਇਆ।
ਇਹ ਸਨ ਕਾਰ ਵਿੱਚ ਸਵਾਰ
ਕਾਰ ਵਿੱਚ ਸਵਾਰ ਲੋਕਾਂ ਦੀ ਪਛਾਣ ਪਰਿਵਾਰ ਦੇ ਮੁਖੀ ਰਮੇਸ਼ ਕੁਮਾਰ, ਉਨ੍ਹਾਂ ਦੇ ਬੇਟੇ ਲਬੂ ਕੁਮਾਰ ਤੇ ਵਿਸ਼ਾਲ ਕੁਮਾਰ ਤੋਂ ਇਲਾਵਾ ਨੂੰਹਾਂ ਕਾਜਲ ਤੇ ਜੋਤੀ ਵਜੋਂ ਹੋਈ ਹੈ। ਉੱਥੇ ਹੀ ਕਾਰ ਵਿੱਚ ਸਵਾਰ ਬੱਚਿਆਂ ਵਿੱਚ 8 ਸਾਲ ਦੀ ਈਸ਼ਵਿਨ, 6 ਸਾਲ ਦੀ ਸਰਗੁਣ, 9 ਸਾਲ ਦੀ ਨਵਿੰਜ ਤੇ 1 ਸਾਲ ਦੀ ਹਰਲੀਨ ਦੇ ਨਾਲ 1 ਸਾਲ ਦਾ ਬੱਚਾ ਹਰਨਵ ਸਨ। ਇਨ੍ਹਾਂ ਵਿੱਚ ਹਰਨਵ ਦੇ ਸਰੀਰ ਵਿੱਚ ਪਾਣੀ ਚਲੇ ਜਾਣ ਕਾਰਨ ਉਸਦੀ ਹਾਲਤ ਗੰਭੀਰ ਹੋ ਗਈ ਸੀ। ਪਰਿਵਾਰ ਦੇ ਮੁਖੀ ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਬੇਟੇ ਟੈਲੀਕਾਮ ਕੰਪਨੀ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਪਰ ਹੁਣ ਉਹ ਇਸ ਹਾਦਸੇ ਨੂੰ ਕਦੇ ਨਹੀਂ ਭੁੱਲ ਸਕਣਗੇ।
ਇਹ ਬਣੇ ਮਦਦਗਾਰ
ਨਹਿਰ ਵਿੱਚ ਕਾਰ ਡਿੱਗਣ ਦਾ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਇਕ ਕ੍ਰਿਸ਼ਨਾ ਨਾਮਕ ਨੌਜਵਾਨ ਹੈ, ਜਿਹੜਾ ਗੌਰੀ ਸ਼ੰਕਰ ਪਦਯਾਤਰਾ ਕਾਂਵੜ ਸੰਘ ਦਾ ਮੈਂਬਰ ਹੈ, ਜਿਸ ਨੇ ਕਾਰ ਨੂੰ ਨਹਿਰ ਵਿੱਚ ਡਿੱਗਦਾ ਹੋਇਆ ਦੇਖ ਕੇ ਤੁਰੰਤ ਆਪਣਾ ਪਿਕਅਪ ਟਰੱਕ ਰੋਕ ਕੇ ਤਿੰਨ ਲੋਕਾਂ ਨੂੰ ਬਚਾਇਆ ਅਤੇ ਆਸ-ਪਾਸ ਦੇ ਲੋਕਾਂ ਨੂੰ ਬੁਲਾ ਕੇ ਕਾਰ ਵਿੱਚ ਸਵਾਰ ਬਾਕੀ ਲੋਕਾਂ ਨੂੰ ਨਹਿਰ ਵਿੱਚੋਂ ਕੱਢਿਆ। ਇਸ ਤੋਂ ਇਲਾਵਾ ਸੀਨੀਅਰ ਕਾਂਸਟੇਬਲ ਜਸਵੰਤ ਸਿੰਘ ਨੇ ਨਹਿਰ ਵਿੱਚ ਛਾਲ ਮਾਰ ਕੇ ਲੋਕਾਂ ਨੂੰ ਸੁਰੱਖਿਅਤ ਕੱਢਣ ਵਿਚ ਮਦਦ ਕੀਤੀ ਜਦੋਂ ਕਿ ਸੀਨੀਅਰ ਕਾਂਸਟੇਬਲ ਜਸਵੰਤ ਸਿੰਘ ਦਾ ਬੁੱਧਵਾਰ ਨੂੰ ਜਨਮ ਦਿਨ ਵੀ ਹੈ, ਜਿਸ ਨੇ ਲੋਕਾਂ ਦੀ ਜਾਨ ਬਚਾਉਣ ਦੇ ਮੌਕੇ ਨੂੰ ਸਭ ਤੋਂ ਵੱਡਾ ਤੋਹਫ਼ਾ ਮੰਨਿਆ।



