
ਬਠਿੰਡਾ, 18 ਜੁਲਾਈ : ਕੈਨੇਡਾ ਵਿਚ ਰਹਿ ਰਹੇ ਬਠਿੰਡਾ ਦੇ ਇਕ ਵਿਅਕਤੀ ਨੇ ਇਥੋਂ ਦੀ ਕਚਹਿਰੀ ਵਿਚ ਫਰਜ਼ੀ ਹਲਫੀਆ ਬਿਆਨ ਤਿਆਰ ਕਰਵਾ ਕੇ ਉਸ ਨੂੰ ਕੈਨੇਡਾ ਦੀ ਅਦਾਲਤ ’ਚ ਪੇਸ਼ ਕਰਕੇ ਆਪਣੀ ਪਤਨੀ ਤੋਂ ਤਲਾਕ ਲੈ ਲਿਆ। ਪੁਲਿਸ ਨੇ ਇਸ ਮਾਮਲੇ ਵਿਚ ਪੀੜਤ ਕੁੜੀ ਦੇ ਪਤੀ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸਿਵਲ ਲਾਈਨ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਪ੍ਰਵੀਨ ਬਾਂਸਲ ਵਾਸੀ ਰਾਮਪੁਰਾ ਫੂਲ ਨੇ ਦੱਸਿਆ ਕਿ ਉਸਦੀ ਲੜਕੀ ਆਸ਼ੀ ਅਰੋੜਾ ਦਾ ਵਿਆਹ ਨਿਸ਼ਾਤ ਅਰੋੜਾ ਵਾਸੀ ਵਿਸ਼ਾਲ ਨਗਰ ਬਠਿੰਡਾ ਹਾਲ ਆਬਾਦ ਕੈਨੇਡਾ ਨਾਲ ਹੋਇਆ ਸੀ। ਮੁਲਜਮ ਨਿਸ਼ਾਤ ਅਰੋੜਾ ਨੇ ਉਸ ਦੀ ਲੜਕੀ ਆਸ਼ੀ ਅਰੋੜਾ ਤੋਂ ਤਲਾਕ ਹਾਸਲ ਕਰਨ ਦਾ ਜਾਲਸਾਜੀ ਨਾਲ ਐਫੀਡੇਵਿਟ ਆਫ ਪਰਸਨਲ ਸਰਵਿਸ ਜ਼ਿਲ੍ਹਾ ਕਚਹਿਰੀ ਬਠਿੰਡਾ ਵਿਖੇ ਤਿਆਰ ਕਰਵਾ ਲਿਆ। ਉਸ ਨੇ ਐਫੀਡੈਵਿਟ ਨਾਲ ਲੈਟਰ ਮਿਤੀ ਮਾਰਚ 19, 2024 ਐਕਸਬਿਟ ਏ ਨੋਟਿਸ ਆਫ ਫੈਮਿਲੀ ਕਲੇਮ ਐਕਸਬਿਟ ਬੀ ਆਸ਼ੀ ਅਰੋੜਾ ਨੂੰ ਦਸਤੀ ਸਰਵ ਕੀਤਾ ਜਾਣਾ ਦਿਖਾਇਆ। ਇਸ ਤੋਂ ਬਾਅਦ ਉਕਤ ਸ਼ਾਤਰ ਵਿਅਕਤੀ ਨੇ ਉਕਤ ਐਫੀਡੈਬਿਟ ਨੂੰ ਕੈਨੇਡਾ ਦੀ ਅਦਾਲਤ ਵਿਚ ਪੇਸ਼ ਕਰਕੇ ਆਸ਼ੀ ਅਰੋੜਾ ਤੋਂ ਤਲਾਕ ਹਾਸਲ ਕਰ ਲਿਆ। ਪੀੜਤ ਨੇ ਦੱਸਿਆ ਕਿ ਨਿਸ਼ਾਤ ਅਰੋੜਾ ਨੇ ਉਨ੍ਹਾਂ ਨਾਲ ਇਹ ਜਾਲਸਾਜ਼ੀ ਅਤੇ ਧੋਖਾਧੜੀ ਕੀਤੀ ਹੈ। ਪੀੜਤ ਨੇ ਦੱਸਿਆ ਕਿ ਉਨ੍ਹਾਂ ਨਾਲ ਹੋਈ ਇਸ ਧੋਖਾਧੜੀ ਵਿਚ ਨਿਸ਼ਾਤ ਅਰੋੜਾ ਤੋਂ ਇਲਾਵਾ ਮਨਦੀਪ ਸਿੰਘ ਵਾਸੀ ਡੀਡੀ ਮਿੱਤਲ ਟਾਵਰ ਬਠਿੰਡਾ ਅਤੇ ਹਰੀਸ਼ ਕੁਮਾਰ ਵਾਸੀ ਅਹਾਤਾ ਨਿਆਜ ਮੁਹੰਮਦ ਬਠਿੰਡਾ ਵੀ ਸ਼ਾਮਲ ਹਨ। ਥਾਣਾ ਸਿਵਲ ਲਾਈਨ ਦੇ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਨੇ ਦੱਸਿਆ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਪਰ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।



