
ਬਠਿੰਡਾ, 5 ਜੁਲਾਈ : ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਜ਼ਮੀਨ ਦੀ ਖਰੀਦੋ ਫਰੋਖਤ ਦੇ ਮਾਮਲੇ ਵਿੱਚ ਇਕ ਵਿਅਕਤੀ ਨਾਲ 33 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਚਾਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਹਰਜਿੰਦਰ ਸਿੰਘ ਵਾਸੀ ਪੁਖਰਾਜ ਕਾਲੋਨੀ ਬਠਿੰਡਾ ਨੇ ਦੱਸਿਆ ਕਿ ਉਸਨੇ ਜ਼ਮੀਨ ਖਰੀਦਣ ਲਈ ਹਰਜਿੰਦਰ ਸਿੰਘ ਵਾਸੀ ਬੀੜ ਰੋਡ ਬਠਿੰਡਾ, ਹਰਦੀਪ ਸਿੰਘ ਵਾਸੀ ਗੋਨਿਆਣਾ ਮੰਡੀ, ਪ੍ਰਿਤਪਾਲ ਸਿੰਘ ਵਾਸੀ ਬੀੜ ਰੋਡ ਬਠਿੰਡਾ ਅਤੇ ਰਾਜਪਾਲ ਸਿੰਘ ਵਾਸੀ ਪਿੰਡ ਜੋਇਆਂਵਾਲਾ ਫਿਰੋਜ਼ਪੁਰ ਨਾਲ ਗੱਲਬਾਤ ਕੀਤੀ। ਉਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਕੋਲੋਂ 33 ਲੱਖ ਰੁਪਏ ਲੈ ਲਏ ਪਰ ਜ਼ਮੀਨ ਨਹੀਂ ਦਿਵਾਈ। ਇਸ ਤਰ੍ਹਾਂ ਜਦੋਂ ਉਸਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੇ ਠੱਗੀ ਮਾਰਨੀ ਸੀ ਮਾਰ ਲਈ ਹੈ। ਥਾਣਾ ਕੈਨਾਲ ਕਾਲੋਨੀ ਦੇ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਚਾਰੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ, ਪਰ ਅਜੇ ਤਕ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ।



