
ਲੁਧਿਆਣਾ, 27 ਜੁਲਾਈ : ਬਹਾਦੁਰ ਕੇ ਰੋਡ ‘ਤੇ ਉਸ ਵੇਲੇ ਹਫੜਾ- ਦਫੜੀ ਦਾ ਮਾਹੌਲ ਬਣ ਗਿਆ ਜਦੋਂ ਉਥੋਂ ਦੀ ਇੱਕ ਫੈਕਟਰੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਕਰੋੜਾਂ ਰੁਪਏ ਦੀਆਂ ਮਸ਼ੀਨਾਂ ਅਤੇ ਤਿਆਰ ਕੱਪੜੇ ਸੜ ਕੇ ਸੁਆਹ ਹੋ ਗਏ। ਫੈਕਟਰੀ ‘ਚੋਂ ਧੂੰਆਂ ਅਤੇ ਸੜਨ ਦੀ ਤੇਜ਼ ਬਦਬੂ ਆਉਣ ‘ਤੇ ਵਰਕਰਾਂ ਨੇ ਫੈਕਟਰੀ ਮਾਲਕ ਨੂੰ ਇਸ ਦੀ ਜਾਣਕਾਰੀ ਦਿੱਤੀ। ਮਾਲ ਅਤੇ ਮਸ਼ੀਨਰੀ ਦਾ ਭਾਰੀ ਨੁਕਸਾਨ ਹੋਇਆ ਪਰ ਫੈਕਟਰੀ ਵਰਕਰਾਂ ਦੀ ਚੰਗੀ ਕਿਸਮਤ ਦੇ ਚਲਦੇ ਜਾਨੀ ਨੁਕਸਾਨ ਦਾ ਬਚਾਅ ਹੀ ਰਿਹਾ। ਲੋਕਾਂ ਨੇ ਸ਼ੁਰੂ ਵਿੱਚ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਅੱਗ ਤੇਜ਼ੀ ਨਾਲ ਫੈਲਣ ਲੱਗੀ ਤਾਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀ ਪੂਰੀ ਤਰ੍ਹਾਂ ਤਬਾਹ ਹੋ ਗਈ। ਲਗਪਗ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਨੇ 7 ਫਾਇਰ ਟੈਂਡਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ।
ਨਾਈਟ ਸ਼ਿਫਟ ਵਿੱਚ ਕੰਮ ਕਰ ਰਹੇ ਫੈਕਟਰੀ ਕਾਮਿਆਂ ਨੇ ਭੱਜ ਕੇ ਬਚਾਈ ਜਾਨ
ਜਾਣਕਾਰੀ ਦਿੰਦਿਆਂ ਫੈਕਟਰੀ ਮਾਲਕ ਨੀਤਿਸ਼ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਹ ਰਾਤ ਨੂੰ ਫੈਕਟਰੀ ਤੋਂ ਘਰ ਚਲੇ ਗਏ ਸਨ। ਰਾਤ ਨੂੰ ਵਰਕਰ ਨਾਈਟ ਸ਼ਿਫਟ ਵਿੱਚ ਕੰਮ ਕਰ ਰਹੇ ਸਨ। ਉਹ ਘਰ ਪਹੁੰਚੇ ਹੀ ਸਨ ਕਿ ਕੁਝ ਸਮੇਂ ਬਾਅਦ ਫੈਕਟਰੀ ਵਰਕਰਾਂ ਦਾ ਫੋਨ ਆਇਆ। ਉਨ੍ਹਾਂ ਦੱਸਿਆ ਕਿ ਅੰਦਰੋਂ ਕੁਝ ਸੜਨ ਦੀ ਬਦਬੂ ਆ ਰਹੀ ਹੈ ਅਤੇ ਧੂੰਆ ਨਿਕਲ ਰਿਹਾ ਹੈ। ਵਰਕਰ ਫੌਰਨ ਫੈਕਟਰੀ ਤੋਂ ਬਾਹਰ ਨਿਕਲ ਗਏ ਅਤੇ ਆਪਣੀ ਜਾਨ ਬਚਾਈ। ਦੇਖਦੇ ਹੀ ਦੇਖਦੇ ਅੱਗ ਫੈਕਟਰੀ ਦੀ ਦੋ ਮੰਜ਼ਿਲਾਂ ਵਿੱਚ ਫੈਲ ਗਈ। ਫਾਇਰ ਅਧਿਕਾਰੀ ਰਾਜਿੰਦਰ ਨੇ ਦੱਸਿਆ ਕਿ ਰਾਤ 9:57 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਮੌਕੇ ‘ਤੇ ਪਹੁੰਚ ਕੇ ਅੱਗ ਨੂੰ ਕਾਬੂ ਵਿੱਚ ਲਿਆ ਗਿਆ। ਤਕਰੀਬਨ 7 ਤੋਂ 8 ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ। ਕਿਸੇ ਦੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲ ਅਤੇ ਮਸ਼ੀਨਰੀ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਅੱਗ ਲੱਗਣ ਦੇ ਕਾਰਨਾਂ ਸਬੰਧੀ ਜਾਂਚ ਕਰ ਰਹੀ ਹੈ।



