Punjab

ਫੁੱਲ ਚੁਗਣ ਪਹੁੰਚਿਆਂ ਪਰਿਵਾਰ, ਸ਼ਮਸ਼ਾਨਘਾਟ ਵਿਚੋਂ ਅਸਥੀਆਂ ਗਾਇਬ

ਪਟਿਆਲਾ, 4 ਜਨਵਰੀ : ਸ਼ਹਿਰ ਦੇ ਰਾਜਪੁਰਾ ਰੋਡ ‘ਤੇ ਸਥਿਤ ਸ਼ਮਸ਼ਾਨਘਾਟ ਵਿਚੋਂ ਅਸਥੀਆਂ ਗਾਇਬ ਹੋ ਗਈਆਂ ਹਨ। ਇਸਦਾ ਪਤਾ ਲੱਗਦਿਆਂ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੇਅਰ ਕੁੰਦਨ ਗੋਗੀਆ ਵਲੋਂ ਵੀ ਮੌਕੇ ਦਾ ਜਾਇਜ਼ਾ ਲਿਆ ਗਿਆ। ਐਤਵਾਰ ਸਵੇਰੇ ਵੀਰ ਜੀ ਦੀਆਂ ਮੜੀਆਂ ਵਿੱਚ ਕੁਝ ਲੋਕ ਫੁੱਲ ਇਕੱਠੇ ਕਰਨ ਪੁੱਜੇ ਤਾਂ ਸਾਰੀ ਚਿਤਾ ਖਿਲਰੀ ਹੋਈ ਸੀ ਤੇ ਕਈ ਫੁੱਲ ਗਾਇਬ ਸਨ। ਇਥੇ ਮੌਜੂਦ ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵਰਗਵਾਸ ਹੋ ਗਏ ਸੀ ਤੇ ਦੋ ਦਿਨ ਪਹਿਲਾਂ ਰਾਜਪੁਰਾ ਰੋਡ ਸਥਿਤ ਵੀਰ ਜੀ ਦੀਆਂ ਮੜੀਆਂ ਵਿੱਚ ਸਸਕਾਰ ਕੀਤਾ ਗਿਆ ਸੀ। ਅੱਜ ਸਵੇਰੇ ਜਦੋਂ ਪਰਿਵਾਰਕ ਮੈਂਬਰਾਂ ਨਾਲ ਇੱਥੇ ਫੁੱਲ ਲੈਣ ਪੁੱਜੇ ਤਾਂ ਕੁਝ ਨਹੀਂ ਮਿਲਿਆ। ਸੁਨੀਲ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਨਾਲ ਦੀ ਚਿਤਾ ‘ਚੋਂ ਫੁੱਲ ਲੈਣ ਆਏ ਲੋਕਾਂ ਨੂੰ ਵੀ ਫੁੱਲ ਨਹੀਂ ਮਿਲੇ ਤੇ ਖੋਪੜੀ ਸਮੇਤ ਹੋਰ ਫੁੱਲ ਗਾਇਬ ਸਨ। ਸੁਨੀਲ ਨੇ ਦੱਸਿਆ ਕਿ ਇਸ ਬਾਰੇ ਮੜੀਆਂ ਦੇ ਇੰਚਾਰਜ ਤੇ ਸਫ਼ਾਈ ਸੇਵਕ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਅਣਜਾਣਤਾ ਪ੍ਰਗਟਾਈ ਹੈ ਅਤੇ ਕਾਫੀ ਪੁੱਛ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਅੱਧੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀ ਮੜੀਆਂ ਵਿੱਚ ਆ ਰਹੇ ਹਨ ਤੇ ਸੰਭਾਵਨਾ ਹੈ ਜਾਦੂ ਟੂਣੇ ਆਦਿ ਦੇ ਮਕਸਦ ਲਈ ਅੰਜਾਮ ਦਿੱਤਾ ਗਿਆ ਹੋਵੇ। ਮੌਕੇ ਦਾ ਜਾਇਜ਼ਾ ਲੈਣ ਪੁੱਜੇ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਪਰਿਵਾਰ ਨੇ ਸੂਚਨਾ ਦਿੱਤੀ ਸੀ ਤੇ ਮੜੀਆਂ ਵਿੱਚ ਮੌਜੂਦ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਵੀ ਦੇਖੇ ਜਾ ਰਹੇ ਹਨ। ਮੇਅਰ ਨੇ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।

Related Articles

Leave a Reply

Your email address will not be published. Required fields are marked *

Back to top button