
ਕਪੂਰਥਲਾ, 4 ਜਨਵਰੀ: ਸ਼ਨੀਵਾਰ ਦੇਰ ਸ਼ਾਮ ਕਪੂਰਥਲਾ ਦੇ ਰਾਜਾਪੁਰ ਪਿੰਡ ਦੇ ਨੇੜੇ ਖੇਤਾਂ ਵਿੱਚੋਂ ਇੱਕ ਨੌਜਵਾਨ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਇਹ ਨੌਜਵਾਨ ਜੰਮੂ-ਕਸ਼ਮੀਰ ਦੇ ਕਠੂਆ ਦਾ ਰਹਿਣ ਵਾਲਾ ਸੀ ਅਤੇ ਕਪੂਰਥਲਾ ਦੀ ਇੱਕ ਫੈਕਟਰੀ ਵਿੱਚ ਮਜ਼ਦੂਰ ਵਜੋਂ ਕੰਮ ਕਰਦਾ ਸੀ। ਉਹ 31 ਦਸੰਬਰ ਤੋਂ ਲਾਪਤਾ ਸੀ। ਸੂਚਨਾ ਮਿਲਣ ‘ਤੇ ਸਦਰ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖ ਦਿੱਤਾ। ਪੁਲਿਸ ਨੇ ਇੱਕ ਮੁਲਜ਼ਮ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਵਿਰੁੱਧ ਐਫਆਈਆਰ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਸਬ-ਡਿਵੀਜ਼ਨ ਡਾ ਸ਼ੀਤਲ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਕੁਲਦੀਪ ਕੁਮਾਰ (35 ਸਾਲ) ਪੁੱਤਰ ਜੋਗਰਾਜ, ਜੋ ਕਿ ਕਠੂਆ, ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ, ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੇ ਪਿਤਾ ਜੋਗਰਾਜ ਨੇ ਦੱਸਿਆ ਕਿ ਉਸਦਾ ਪੁੱਤਰ ਕੁਲਦੀਪ ਕੁਮਾਰ ਲਗਪਗ 10-15 ਦਿਨ ਪਹਿਲਾਂ ਕਪੂਰਥਲਾ ਦੇ ਪਿੰਡ ਰਾਜਾਪੁਰ ਵਿੱਚ ਬੀਡੀ ਐਗਰੋ ਫੂਡ ਫੈਕਟਰੀ ਵਿੱਚ ਕੰਮ ਕਰਨ ਆਇਆ ਸੀ। ਉਸਨੇ 30 ਦਸੰਬਰ ਨੂੰ ਕੁਲਦੀਪ ਕੁਮਾਰ ਨਾਲ ਫੋਨ ‘ਤੇ ਗੱਲ ਕੀਤੀ ਸੀ, ਪਰ 31 ਦਸੰਬਰ ਤੋਂ ਉਸਦਾ ਫੋਨ ਬੰਦ ਸੀ। ਫਿਰ ਉਹ 1 ਜਨਵਰੀ ਨੂੰ ਆਪਣੇ ਛੋਟੇ ਭਰਾ ਦਯਾਰਾਮ ਅਤੇ ਹੋਰ ਪਿੰਡ ਵਾਸੀਆਂ ਨਾਲ ਬੀਡੀ ਐਗਰੋ ਫੂਡ ਰਾਜਾਪੁਰ ਗਿਆ। ਫੈਕਟਰੀ ਮਾਲਕ ਪੁਨੀਤ ਗੁਪਤਾ ਨਾਲ ਮੁਲਾਕਾਤ ਕਰਨ ‘ਤੇ ਉਸਨੂੰ ਪਤਾ ਲੱਗਾ ਕਿ ਕੁਲਦੀਪ ਕੁਮਾਰ 31 ਦਸੰਬਰ ਦੀ ਰਾਤ ਤੋਂ ਲਾਪਤਾ ਹੈ। ਜਾਂਚ ਤੋਂ ਪਤਾ ਲੱਗਾ ਕਿ ਕੁਲਦੀਪ ਕੁਮਾਰ ਦੀ 31 ਦਸੰਬਰ ਨੂੰ ਇੱਕ ਸਾਥੀ ਕਰਮਚਾਰੀ ਸਿੰਘ ਪੁੱਤਰ ਪੇਸ਼ਾ ਰਾਮ ਵਾਸੀ ਪਿੰਡ ਬਲੋਰ ਥਾਣਾ ਬਲੋਰ ਜਿਲਾ ਕਠੂਆ ਜੰਮੂ ਕਸ਼ਮੀਰ ਨਾਲ ਬਹਿਸ ਹੋਈ ਸੀ ਅਤੇ ਕੁਲਦੀਪ ਕੁਮਾਰ ਉਸ ਰਾਤ ਤੋਂ ਲਾਪਤਾ ਸੀ। ਸ਼ਿਕਾਇਤਕਰਤਾ ਜੋਗਰਾਜ ਨੇ ਦੱਸਿਆ ਕਿ ਉਹ ਅਤੇ ਉਸਦੇ ਰਿਸ਼ਤੇਦਾਰ ਫੈਕਟਰੀ ਦੇ ਨੇੜੇ ਆਪਣੇ ਪੁੱਤਰ ਦੀ ਭਾਲ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਰਾਜਾਪੁਰ ਦੇ ਨੇੜੇ ਖੇਤਾਂ ਵਿੱਚ ਉਸ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਡੀਐਸਪੀ ਸਬ-ਡਵੀਜ਼ਨ ਡਾ ਸ਼ੀਤਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਜੋਗਰਾਜ ਦੇ ਬਿਆਨ ‘ਤੇ ਕਾਰਵਾਈ ਕਰਦਿਆਂ ਸਦਰ ਥਾਣਾ ਪੁਲਿਸ ਨੇ ਮੁਲਜਮ ਨੌਜਵਾਨ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।



