Punjab

ਫੁੱਫੜ ਤੇ ਭਤੀਜੀ ਦਾ ਰਿਸ਼ਤਾ ਤਾਰ-ਤਾਰ ! ਨਾਬਾਲਗ ਲੜਕੀ ਨੇ ਅਧਿਆਪਕਾਂ ਅੱਗੇ ਖੋਲ੍ਹਿਆ ਹੈਵਾਨੀਅਤ ਦਾ ਰਾਜ਼, ਕੇਸ ਦਰਜ

ਨਾਬਾਲਗ ਲੜਕੀ ਨੇ ਅਧਿਆਪਕਾਂ ਅੱਗੇ ਖੋਲ੍ਹਿਆ ਹੈਵਾਨੀਅਤ ਦਾ ਰਾਜ਼, ਕੇਸ ਦਰਜ

ਮੋਗਾ, 26 ਮਈ ਮਾਨਵਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਕ ਘਟਨਾ ਮੋਗਾ ਜ਼ਿਲ੍ਹੇ ਦੇ ਇਕ ਪਿੰਡ ‘ਚ ਸਾਹਮਣੇ ਆਈ ਹੈ ਜਿਥੇ 60 ਸਾਲਾ ਇਕ ਵਿਅਕਤੀ ਨੇ ਆਪਣੇ ਹੀ ਸਾਲ਼ੇ ਦੀ ਨਾਬਾਲਿਗ ਧੀ ਨਾਲ ਕਈ ਮਹੀਨੇ ਤਕ ਗ਼ਲਤ ਕੰਮ ਕਰਕੇ ਰਿਸ਼ਤਿਆਂ ਦੀ ਪਵਿਤਰਤਾ ਨੂੰ ਮਿਟਾ ਕੇ ਰੱਖ ਦਿੱਤਾ। ਦੱਸਿਆ ਜਾ ਰਿਹਾ ਹੈ ਕਿ 10ਵੀਂ ਜਮਾਤ ਦੀ ਇਸ ਵਿਦਿਆਰਥਣ ਦੇ ਸਾਫ਼ ਸੁਥਰੇ ਜੀਵਨ ਨੂੰ ਉਸਦੇ ਆਪਣੇ ਸਕੇ ਫੁੱਫੜ ਚਰਨਜੀਤ ਸਿੰਘ ਨੇ ਨਰਕ ਬਣਾ ਦਿੱਤਾ। ਪੀੜਤ ਲੜਕੀ ਦੇ ਪਿਤਾ ਸੁਖਦੇਵ ਸਿੰਘ ਜੋ ਦਿਨ-ਰਾਤ ਮਿਹਨਤ ਮਜ਼ਦੂਰੀ ਕਰਦੇ ਹਨ, ਨੇ ਪਤਾ ਲੱਗਣ ‘ਤੇ ਥਾਣੇ ‘ਚ ਦਰਖ਼ਾਸਤ ਦਿੱਤੀ। ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਪਿਛਲੇ ਚਾਰ–ਪੰਜ ਸਾਲਾਂ ਤੋਂ ਘਰ ਛੱਡ ਚੁੱਕੀ ਹੈ ਤੇ ਉਹ ਆਪਣੇ ਬੱਚਿਆਂ ਦੇ ਨਾਲ ਹੀ ਰਹਿੰਦਾ ਹੈ। ਇਸ ਦੌਰਾਨ ਉਸ ਦੀ ਮ੍ਰਿਤਕ ਭੈਣ ਦਾ ਪਤੀ ਚਰਨਜੀਤ ਸਿੰਘ ਜੋ ਕਿ ਰਿਸ਼ਤੇ ‘ਚ ਲੜਕੀ ਦਾ ਫੁੱਫੜ ਲੱਗਦਾ ਹੈ, ਘਰ ਆਉਂਦਾ ਜਾਂਦਾ ਸੀ ਤੇ ਉਨ੍ਹਾਂ ਦੀ ਗੈਰ-ਹਾਜ਼ਰੀ ‘ਚ ਲੜਕੀ ਨੂੰ ਹਵਸ ਦਾ ਨਿਸ਼ਾਨਾ ਬਣਾਉਂਦਾ ਰਿਹਾ। ਲੜਕੀ ਨੇ ਦੱਸਿਆ ਕਿ ਫੁੱਫੜ ਪਹਿਲਾਂ ਉਸ ਨਾਲ ਪਿਆਰ-ਮੁਹੱਬਤ ਦੇ ਨਾਟਕ ਰਚ ਕੇ ਨਜ਼ਦੀਕੀਆਂ ਵਧਾਉਂਦਾ ਰਿਹਾ ਤੇ ਫਿਰ ਹੌਲੀ-ਹੌਲੀ ਉਸ ਦੀ ਆਬਰੂ ਨਾਲ ਖੇਡਣ ਲੱਗ ਪਿਆ। ਜਦੋਂ ਵੀ ਉਹ ਵਿਰੋਧ ਕਰਦੀ ਤਾਂ ਫੁੱਫੜ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ। ਡਰ ਅਤੇ ਚੁੱਪ ਦੀ ਕੈਦ ‘ਚ ਰਹਿ ਰਹੀ ਲੜਕੀ ਦੀ ਹਾਲਤ ਤਾਂਹੀ ਬਦਲੀ ਜਦੋਂ ਉਸ ਦੀ ਕਲਾਸ ਇੰਚਾਰਜ ਨੇ ਉਸਦੀ ਅਸਲੀ ਪਰੇਸ਼ਾਨੀ ਨੂੰ ਮਹਿਸੂਸ ਕਰ ਕੇ ਪੁੱਛਗਿੱਛ ਕੀਤੀ। ਪੂਰੀ ਹਿੰਮਤ ਇਕੱਠੀ ਕਰ ਕੇ ਲੜਕੀ ਨੇ ਆਪਣੀ ਅਧਿਆਪਕਾ ਅੱਗੇ ਹਕੀਕਤ ਰੱਖੀ। ਬਾਅਦ ‘ਚ ਲੜਕੀ ਦੇ ਪਿਤਾ ਅਤੇ ਰਿਸ਼ਤੇਦਾਰ ਉਸ ਨੂੰ ਲੈ ਕੇ ਥਾਣੇ ਗਏ ਤੇ ਪੁਲਿਸ ਨੂੰ ਸਾਰੀ ਜਾਣਕਾਰੀ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਚਰਨਜੀਤ ਸਿੰਘ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਲੜਕੀ ਦੇ ਪਿਤਾ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਹੈ ਕਿ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਹੋਰ ਕਿਸੇ ਰਿਸ਼ਤੇਦਾਰ ਨੂੰ ਕਦੇ ਆਪਣੀਆਂ ਹਦਾਂ ਤੋਂ ਲੰਘਣ ਦੀ ਹਿੰਮਤ ਨਾ ਹੋਵੇ।

Related Articles

Leave a Reply

Your email address will not be published. Required fields are marked *

Back to top button