
ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ
ਫ਼ਿਰੋਜ਼ਪੁਰ, 5 ਅਪ੍ਰੈਲ- ਪਿੰਡ ਹਸਤੀ ਵਾਲਾ ਨਜ਼ਦੀਕ ਇਕ ਸਕੂਲ ਬੱਸ ਹਾਦਸਾਗ੍ਰਸਤ ਹੋ ਸੋਕੜ ਨਹਿਰ ਵਿਚ ਜਾ ਡਿੱਗੀ, ਜਿਸ ਵਿਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਤੇ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜਾਣਕਾਰੀ ਅਨੁਸਾਰ ਵੱਖ-ਵੱਖ ਪਿੰਡਾਂ ਤੋਂ ਵਿਦਿਆਰਥੀਆਂ ਨੂੰ ਲੈ ਕੇ ਸਕੂਲ ਆ ਰਹੀ ਗੁਰੂ ਰਾਮਦਾਸ ਪਬਲਿਕ ਸਕੂਲ ਦੀ ਬੱਸ ਪਿੰਡ ਹਸਤੀ ਵਾਲਾ ਦੇ ਸੇਮ ਨਾਲੇ ਨੇੜੇ ਆ ਕੇ ਹਾਦਸਾਗ੍ਰਸਤ ਹੋ ਗਈ। ਹਾਲਾਂਕਿ ਬੱਸ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਪਰ ਮੁੱਢਲੇ ਤੌਰ ’ਤੇ ਬੱਸ ਸੇਮ ਨਾਲੇ ਦੇ ਪੁਲ ਦੀ ਰੇਲਿੰਗ ਤੋੜ ਕੇ ਨਾਲੇ ਵਿਚ ਡਿੱਗ ਪਈ। ਰਾਹਗੀਰਾਂ ਵਲੋਂ ਆਪਣੀਆਂ ਗੱਡੀਆਂ ਰੋਕ ਕੇ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਗਿਆ।



