
ਬਾਲ ਕਿਸ਼ਨ
ਫ਼ਿਰੋਜ਼ਪੁਰ, 7 ਜੂਨ : ਫਿਰੋਜ਼ਪੁਰ ਦੇ ਮਖੂ ਗੇਟ ਨੇੜੇ ਵੀਰਵਾਰ ਸ਼ਾਮ ਨੂੰ ਹੋਏ ਗੋਲੀਕਾਂਡ ’ਚ ਨਵਾਂ ਮੋੜ ਆਇਆ ਹੈ। ਮੁਕਾਬਲਾ ਗੈਂਗਵਾਰ ਦੀ ਥਾਂ ਨਿੱਜੀ ਰੰਜਿਸ਼ ਦਾ ਨਤੀਜਾ ਨਿਕਲਿਆ। ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਆਸ਼ੂ ਮੋਂਗਾ ਆਪਣੇ ਸਾਥੀਆਂ ਸਮੇਤ ਯੁਵਰਾਜ ਉਰਫ ਯੁਵੀ ਨੂੰ ਮਾਰਨ ਗਿਆ ਸੀ, ਪਰ ਯੂਵੀ ਵੱਲੋਂ ਜਵਾਬੀ ਫਾਇਰਿੰਗ ’ਚ ਆਸ਼ੂ ਮੋਂਗਾ ਹੀ ਮਾਰਿਆ ਗਿਆ। ਪੁਲਿਸ ਨੇ ਦੋਵਾਂ ਪਾਸਿਆਂ ਵਲੋਂ ਦਿੱਤੇ ਗਏ ਬਿਆਨਾਂ ਆਧਾਰਤ ਕਰਾਸ ਪਰਚੇ ਦਰਜ ਕਰ ਕੇ ਕੁੱਲ 18 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ’ਚੋਂ 4-5 ਅਣਪਛਾਤੇ ਹਨ। ਸਾਰੇ ਦੋਸ਼ੀ ਅਸ਼ੀਸ਼ ਚੋਪੜਾ ਗੈਂਗ ਨਾਲ ਸਬੰਧਤ ਦੱਸੇ ਜਾ ਰਹੇ ਹਨ। ਪੁਲਿਸ ਨੇ ਮੁੱਖ ਦੋਸ਼ੀ ਜੋਗਿੰਦਰ ਸਿੰਘ ਉਰਫ ਲਾਲੂ ਅਤੇ ਉਸ ਦੇ ਪੁੱਤਰ ਅੰਗਰੇਜ਼ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮ੍ਰਿਤਕ ਆਸ਼ੂ ਮੋਂਗਾ ਦੀ ਪਤਨੀ ਪਵਨਦੀਪ ਕੌਰ ਦੇ ਬਿਆਨ ’ਤੇ ਨਾਮੀ ਗੈਂਗਸਟਰ ਅਸ਼ੀਸ਼ ਚੋਪੜਾ, ਅਮਰੀਕ ਸਿੰਘ ਉਰਫ ਅਮਰੀਕਾ, ਜੋਗਿੰਦਰ ਸਿੰਘ ਉਰਫ ਲਾਲੂ (ਗ੍ਰਿਫ਼ਤਾਰ), ਉਸ ਦਾ ਪੁੱਤਰ ਅੰਗਰੇਜ਼ ਸਿੰਘ (ਗ੍ਰਿਫਤਾਰ), ਗੁਰਦਿੱਤ ਸਿੰਘ, ਸ਼ਿਵਮ ਸਹਿਗਲ ਉਰਫ ਸਾਂਗਾ, ਯੁਵਰਾਜ ਉਰਫ ਯੂਵੀ ਤੇ 4-5 ਹੋਰ ਅਣਪਛਾਤਿਆਂ ਦੇ ਨਾਂਅ ਪਰਚਾ ਦਰਜ ਕੀਤਾ ਹੈ। ਦੂਜੇ ਪਾਸੇ ਅਰਸ਼ਦੀਪ ਸਿੰਘ ਵਾਸੀ ਅੱਛੇ ਵਾਲਾ ਦੇ ਬਿਆਨ ’ਤੇ ਗੁਰਜਿੰਦਰ ਸਿੰਘ ਉਰਫ ਗੁਰੀ, ਨੱਢਾ ਉਰਫ ਸਾਹਬਾ, ਲੱਖਾ, ਅਮਰਜੀਤ ਸਿੰਘ, ਦੇਵ ਸ਼ਰਮਾ ਅਤੇ ਆਸ਼ੂ ਮੋਂਗਾ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮਾਮਲਾ ਨਿੱਜੀ ਰੰਜਿਸ਼ ਨਾਲ ਜੁੜਿਆ ਹੋਇਆ ਹੈ। ਘਟਨਾ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਮੌਕੇ ਤੋਂ ਮਿਲੇ 5 ਖੋਲ ਜਾਂਚ ਲਈ ਭੇਜੇ ਗਏ ਹਨ। ਦੋਸ਼ੀਆਂ ਦੀ ਸ਼ਨਾਖਤ ਹੋ ਚੁੱਕੀ ਹੈ ਤੇ ਹਮਲਾਵਰਾਂ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਦੋਸ਼ੀਆਂ ਬਾਰੇ ਜਾਣਕਾਰੀ ਹੋਵੇ, ਤਾਂ ਉਹ ਗੁਪਤ ਰੂਪ ਵਿੱਚ ਪੁਲਿਸ ਨਾਲ ਸਾਂਝੀ ਕਰਨ। ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਉਨ੍ਹਾਂ ਨੂੰ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਮਾਹੌਲ ਵਿਗਾੜਨ ਵਾਲਿਆਂ ਨੂੰ ਕਿਸੇ ਹਾਲਤ ’ਚ ਬਖਸ਼ਿਆ ਨਹੀਂ ਜਾਵੇਗਾ।



