
ਬਾਲ ਕਿਸ਼ਨ
ਫ਼ਿਰੋਜ਼ਪੁਰ, 4 ਅਕਤੂਬਰ : ਫ਼ਿਰੋਜ਼ਪੁਰ ਰੇਲਵੇ ਮੰਡਲ ਨੇ ਸਤੰਬਰ ਮਹੀਨੇ ’ਚ ਟਿਕਟ ਚੈਕਿੰਗ ਮੁਹਿੰਮਾਂ ਰਾਹੀਂ 1.80 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ। ਇਹ ਕਮਾਈ ਬਿਨਾਂ ਟਿਕਟ ਜਾਂ ਅਨਿਯਮਿਤ ਯਾਤਰਾ ਕਰਨ ਵਾਲੇ ਯਾਤਰੀਆਂ ਤੋਂ ਜੁਰਮਾਨੇ ਵਜੋਂ ਵਸੂਲ ਕੀਤੀ ਗਈ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਮੰਡਲ ਦੇ ਟਿਕਟ ਚੈਕਿੰਗ ਦਲ ਅਤੇ ਮੁੱਖ ਟਿਕਟ ਇੰਸਪੈਕਟਰਾਂ ਨੇ ਚੈਕਿੰਗ ਮੁਹਿੰਮ ਤਹਿਤ ਸਤੰਬਰ 2025 ਦੌਰਾਨ ਕੁੱਲ 28,583 ਯਾਤਰੀ ਫੜੇ ਜਿਹੜੇ ਜਾਂ ਤਾਂ ਬਿਨਾਂ ਟਿਕਟ ਸਫ਼ਰ ਕਰ ਰਹੇ ਸਨ ਜਾਂ ਉਨ੍ਹਾਂ ਦੀ ਯਾਤਰਾ ਅਨਿਯਮਿਤ ਸੀ। ਇਨ੍ਹਾਂ ਸਾਰੇ ਯਾਤਰੀਆਂ ਤੋਂ ਜੁਰਮਾਨਾ ਵਸੂਲਿਆ ਗਿਆ। ਇਹ ਮਾਲੀਆ ਪ੍ਰਾਪਤੀ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ 32 ਫ਼ੀਸਦੀ ਵੱਧ ਹੈ। ਟਿਕਟ ਚੈਕਿੰਗ ਤੋਂ ਇਲਾਵਾ ਫ਼ਿਰੋਜ਼ਪੁਰ ਮੰਡਲ ਨੇ ਰੇਲਵੇ ਸਟੇਸ਼ਨਾਂ ਨੂੰ ਸਾਫ਼-ਸੁਥਰਾ ਰੱਖਣ ਅਤੇ ਆਮ ਜਨਤਾ ਨੂੰ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਵੀ ਨਿਯਮਿਤ ਜਾਂਚ ਕੀਤੀ। ਇਸ ਤਹਿਤ ਸਤੰਬਰ ਮਹੀਨੇ ਵਿਚ 556 ਯਾਤਰੀਆਂ ਨੂੰ ਸਟੇਸ਼ਨ ਕੰਪਲੈਕਸ ਵਿਚ ਗੰਦਗੀ ਫੈਲਾਉਣ (ਐਂਟੀ ਲਿਟਰਿੰਗ ਐਕਟ) ਦੇ ਦੋਸ਼ ਵਿਚ ਫੜਿਆ ਗਿਆ। ਇਨ੍ਹਾਂ ਯਾਤਰੀਆਂ ਤੋਂ 96 ਹਜ਼ਾਰ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲ ਕੀਤਾ ਗਿਆ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਵਿਚ ਟਿਕਟ ਚੈਕਿੰਗ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ। ਸੀਨੀਅਰ ਮੰਡਲ ਵਣਜ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਸਪੱਸ਼ਟ ਕੀਤਾ ਕਿ ਅਨਿਯਮਿਤ ਯਾਤਰਾ ਤੇ ਗੰਦਗੀ ਫੈਲਾਉਣ ਨੂੰ ਰੋਕਣ ਲਈ ਰੇਲ ਯਾਤਰੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।



