
ਬਾਲ ਕਿਸ਼ਨ
ਫਿਰੋਜ਼ਪੁਰ, 3 ਅਗਸਤ : ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਇਕ ਵਾਰ ਫਿਰ ਸੁਰਖ਼ੀਆਂ ਵਿਚ ਹੈ, ਕਿਉਂਕਿ ਤਲਾਸ਼ੀ ਮੁਹਿੰਮ ਦੌਰਾਨ ਇੱਥੋਂ ਵੱਡੀ ਗਿਣਤੀ ਵਿਚ ਮੋਬਾਈਲ ਫੋਨ ਬਰਾਮਦ ਹੋਏ ਹਨ। ਇਕ ਹਫ਼ਤੇ ਦੇ ਅੰਦਰ-ਅੰਦਰ 15 ਹਵਾਲਾਤੀਆਂ ਕੋਲੋਂ ਕੁੱਲ 15 ਮੋਬਾਈਲ ਫ਼ੋਨ ਮਿਲੇ ਹਨ, ਜਿਸ ਨਾਲ ਜੇਲ੍ਹ ਅੰਦਰ ਸੁਰੱਖਿਆ ਪ੍ਰਬੰਧਾਂ ’ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਜਾਣਕਾਰੀ ਮੁਤਾਬਿਕ, ਜੇਲ੍ਹ ਪ੍ਰਸ਼ਾਸਨ ਨੇ ਵੱਖ-ਵੱਖ ਤਾਰੀਖ਼ਾਂ ’ਤੇ ਤਲਾਸ਼ੀ ਮੁਹਿੰਮਾਂ ਚਲਾਈਆਂ ਸਨ, ਜਿਸ ਦੌਰਾਨ ਇਹ ਮੋਬਾਈਲ ਫੜੇ ਗਏ। ਇਸ ਸੰਬੰਧ ਵਿਚ ਥਾਣਾ ਸਿਟੀ ਫ਼ਿਰੋਜ਼ਪੁਰ ਪੁਲਿਸ ਨੇ ਸਾਰੇ 15 ਹਵਾਲਾਤੀਆਂ ਖਿਲਾਫ਼ 52-ਏ ਪੀਰਸੰਨਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। 29 ਜੁਲਾਈ ਨੂੰ ਹਵਾਲਾਤੀ ਸ਼ਮਸ਼ੇਰ ਸਿੰਘ ਪੁੱਤਰ ਵਰਿਆਮ ਸਿੰਘ, ਵਾਸੀ ਕੰਕਰ, ਜ਼ਿਲ੍ਹਾ ਅੰਮ੍ਰਿਤਸਰ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਇੱਕ ਕੀਪੈਡ ਮੋਬਾਈਲ ਫ਼ੋਨ ਮਿਲਿਆ। 30 ਜੁਲਾਈ ਨੂੰ ਇਕ ਹੀ ਦਿਨ ਇੱਕੋ ਸਮੇਂ 4 ਹਵਾਲਾਤੀਆਂ ਕੋਲੋਂ 4 ਟੱਚ ਸਕਰੀਨ ਮੋਬਾਈਲ ਫੋਨ ਬਰਾਮਦ ਹੋਏ, ਜਿਨ੍ਹਾਂ ਵਿਚ ਜਗਤਾਰ ਸਿੰਘ ਪੁੱਤਰ ਬਲਵਿੰਦਰ ਸਿੰਘ, ਵਾਸੀ ਜੈਮਲ ਸਿੰਘ, ਬਲਜਿੰਦਰਜੀਤ ਸਿੰਘ ਪੁੱਤਰ ਜਸਵੀਰ ਸਿੰਘ, ਵਾਸੀ ਚੁਤਾਲਾ, ਵਿਕਰਮਜੀਤ ਸਿੰਘ ਉਰਫ਼ ਵਿੱਕੀ ਪੁੱਤਰ ਅਵਤਾਰ ਸਿੰਘ, ਵਾਸੀ ਸੁਰ ਸਿੰਘ ਅਤੇ ਸੰਦੀਪ ਸਿੰਘ ਉਰਫ਼ ਕਾਲਾ ਪੁੱਤਰ ਹਰਪਾਲ ਸਿੰਘ, ਵਾਸੀ ਅਵਾਨ ਸ਼ਾਮਲ ਸਨ। 31 ਜੁਲਾਈ ਨੂੰ ਜੇਲ੍ਹ ਦੀ ਤਲਾਸ਼ੀ ਦੌਰਾਨ 4 ਹੋਰ ਹਵਾਲਾਤੀਆਂ ਕੋਲੋਂ 5 ਮੋਬਾਈਲ ਫੋਨ 3 ਟੱਚ ਸਕਰੀਨ ਅਤੇ 2 ਕੀਪੈਡ ਫੜੇ ਗਏ। ਇਹ ਹਵਾਲਾਤੀ ਅੰਮ੍ਰਿਤਪਾਲ ਸਿੰਘ ਉਰਫ਼ ਪਾਲਾ ਪੁੱਤਰ ਗੁਰਦੇਵ ਸਿੰਘ, ਵਾਸੀ ਏਕਲ ਗੱਡਾ, ਜ਼ਿਲ੍ਹਾ ਅੰਮ੍ਰਿਤਸਰ, ਸ਼ਿਵਮ ਸਹਿਗਲ ਉਰਫ਼ ਸਾਗਾ ਪੁੱਤਰ ਸੰਜੀਵ ਸਹਿਗਲ, ਵਾਸੀ ਫ਼ਿਰੋਜ਼ਪੁਰ, ਧਰਮਪ੍ਰੀਤ ਪੁੱਤਰ ਚੰਨਾ ਸਿੰਘ, ਵਾਸੀ ਝੋਕ ਹਰੀਹਰ ਅਤੇ ਵਰਿੰਦਰ ਸਿੰਘ ਪੁੱਤਰ ਰਣਧੀਰ ਸਿੰਘ, ਵਾਸੀ ਮੇਹਣੀਆਂ ਕੁਹਾੜਾ, ਜ਼ਿਲ੍ਹਾ ਅੰਮ੍ਰਿਤਸਰ ਹਨ। 1 ਅਗਸਤ ਨੂੰ ਤਲਾਸ਼ੀ ਮੁਹਿੰਮ ਵਿਚ 5 ਹੋਰ ਹਵਾਲਾਤੀਆਂ ਤੋਂ 5 ਮੋਬਾਈਲ ਫੋਨ ਬਰਾਮਦ ਹੋਏ। ਇਨ੍ਹਾਂ ਵਿਚ ਅਸ਼ੋਕ ਸਿੰਘ ਪੁੱਤਰ ਮਲਕੀਤ ਸਿੰਘ, ਵਾਸੀ ਮੁਹਾਰ ਜਮਸ਼ੇਰ, ਜ਼ਿਲ੍ਹਾ ਫਾਜ਼ਿਲਕਾ, ਅੰਗਰੇਜ਼ ਸਿੰਘ ਪੁੱਤਰ ਕਾਲਾ ਸਿੰਘ, ਵਾਸੀ ਮਸਤੇ ਕੇ, ਸੋਲਵ ਸਿੰਘ ਪੁੱਤਰ ਗੁਰਮੇਜ ਸਿੰਘ, ਵਾਸੀ ਪੀਰੇ ਕੇ ਉਤਾੜ, ਸੰਦੀਪ ਸਿੰਘ ਉਰਫ਼ ਸੀਪੂ ਪੁੱਤਰ ਕਰਨਲ ਸਿੰਘ, ਵਾਸੀ ਮਾਛੀਵਾੜਾ ਅਤੇ ਸੁਖਚੈਨ ਸਿੰਘ ਉਰਫ਼ ਲੱਕੀ ਪੁੱਤਰ ਸ਼ਿੰਦਰ ਸਿੰਘ, ਵਾਸੀ ਪੀਰੇ ਕੇ ਉਤਾੜ ਸ਼ਾਮਲ ਸਨ। ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਵੱਲੋਂ ਵੱਖ-ਵੱਖ ਪੱਤਰਾਂ ਰਾਹੀਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਇਹ ਸਾਰੇ ਕੇਸ ਦਰਜ ਕੀਤੇ ਗਏ ਹਨ ਅਤੇ ਅਗਲੀ ਕਾਰਵਾਈ ਜਾਰੀ ਹੈ। ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਸਖ਼ਤ ਸੁਰੱਖਿਆ ਦੇ ਦਾਅਵਿਆਂ ਦੇ ਬਾਵਜੂਦ ਵੀ ਮੋਬਾਈਲ ਫ਼ੋਨ ਅੰਦਰ ਕਿਵੇਂ ਪਹੁੰਚ ਜਾਂਦੇ ਹਨ। ਇਹ ਮਾਮਲਾ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੱਡਾ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਕਾਰਵਾਈਆਂ ਹੋਣ ਦੀ ਸੰਭਾਵਨਾ ਹੈ।



