ਫ਼ਾਜ਼ਿਲਕਾ ਦੇ ਵਿਧਾਇਕ ਸਮੇਤ ‘ਆਪ’ ਦੇ 10 ਆਗੂਆਂ ’ਤੇ ਚੱਲੇਗਾ ਪੁਲਿਸ ਨਾਲ ਹੱਥੋਪਾਈ ਦਾ ਮੁਕੱਦਮਾ
ਤਿੰਨ ਸਾਲ ਪੁਰਾਣੇ ਮਾਮਲੇ ਚ ਦੋਸ਼ ਤੈਅ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 4 ਜਨਵਰੀ : ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਪੁਲਿਸ ਨਾਲ ਹੱਥੋਪਾਈ ਕਰਨ ਅਤੇ ਡੀਸੀ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ (ਆਪ) ਦੇ 10 ਆਗੂਆਂ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ। ਹੁਣ ਇਨ੍ਹਾਂ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 147, 149, 323, 332, 353 ਅਤੇ 188 ਦੇ ਤਹਿਤ ਮੁਕੱਦਮਾ ਚੱਲੇਗਾ। ਇਸ ਮਾਮਲੇ ਦੀ ਸੁਣਵਾਈ 17 ਜਨਵਰੀ ਤੋਂ ਸ਼ੁਰੂ ਹੋਵੇਗੀ।ਮੁਲਜ਼ਮਾਂ ਵਿਚ ਆਮ ਆਦਮੀ ਪਾਰਟੀ ਦੇ ਅਹਿਮ ਚਿਹਰੇ ਹਨ, ਜਿਨ੍ਹਾਂ ਵਿਚ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਤੇ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਪ੍ਰੇਮ ਗਰਗ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਮੁਲਜ਼ਮਾਂ ਵਿਚ ਪ੍ਰਭਜੋਤ ਕੌਰ, ਪਰਮਿੰਦਰ ਸਿੰਘ, ਪ੍ਰਤਾਪ ਸਿੰਘ, ਗੁਰਵਿੰਦਰ ਸਿੰਘ, ਕਮਲਜੀਤ ਸਿੰਘ ਅਤੇ ਸਤਵੰਤ ਸਿੰਘ ਵੀ ਹਨ। ਇਸ ਦੇ ਨਾਲ ਹੀ ਚਾਰ ਮੁਲਜ਼ਮਾਂ ਸ਼ਰਨਪਾਲ ਸਿੰਘ, ਗੁਰਦੀਪ ਸਿੰਘ, ਗ਼ੁਲਾਮ ਮੁਹੰਮਦ ਤੇ ਸੁਭਾਸ਼ ਸਹਿਗਲ ਨੂੰ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਭਗੌੜਾ ਐਲਾਨਿਆ ਕਰ ਦਿੱਤਾ ਗਿਆ ਹੈ। ਤਿੰਨ ਸਾਲ ਪਹਿਲਾਂ ‘ਆਪ’ ਆਗੂਆਂ ਨੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦਫ਼ਡਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਸੀ। ਕੇਂਦਰ ਸਰਕਾਰ ‘ਤੇ ਗੌਤਮ ਅਡਾਨੀ ਦੀਆਂ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਉਣ ਦਾ ਦੋਸ਼ ਲਗਾਉਂਦੇ ਹੋਏ ਆਗੂ ਇੱਥੇ ਇਕੱਠੀ ਹੋਏ ਸਨ ਤੇ ਉਨ੍ਹਾਂ ਨੇ ਜੋਸ਼ੀਲੇ ਨਾਅਰੇ ਲਗਾਏ ਸਨ। ਹਾਲਾਂਕਿ ਕੁਝ ਸਮੇਂ ਬਾਅਦ ਰੋਸ ਮੁਜ਼ਾਹਰਾ ਹਿੰਸਕ ਰੂਪ ਧਾਰਨ ਕਰ ਗਿਆ ਸੀ ਤੇ ਕਈ ‘ਆਪ’ ਆਗੂ ਅਤੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ। ਇਸ ਦੌਰਾਨ ਸੈਕਟਰ-39 ਪੁਲਿਸ ਨੇ ਕਈ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਉਨ੍ਹਾਂ ਖਿਲਾਫ਼ ਐੱਫਆਈਆਰ ਦਰਜ ਕਰ ਲਈ ਸੀ।
ਪੰਜਾਬ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਆਏ ਸਨ ‘ਆਪ’ ਆਗੂ :
12 ਫਰਵਰੀ 2023 ਨੂੰ ਵੱਡੀ ਗਿਣਤੀ ਵਿਚ ‘ਆਪ’ ਆਗੂ ਅਤੇ ਮੁਲਾਜ਼ਮ ਸੈਕਟਰ-37 ਸਥਿਤ ਪੰਜਾਬ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਪਹੁੰਚੇ ਸਨ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਸੀ ਤੇ ਸੀਆਰਪੀਸੀ ਦੀ ਧਾਰਾ 144 ਲਾਗੂ ਕਰ ਦਿੱਤੀ ਗਈ ਸੀ। ‘ਆਪ’ ਆਗੂਆਂ ਨੇ ਇਸ ਦੀ ਪਰਵਾਹ ਨਾ ਕਰਦੇ ਹੋਏ ਬੈਰੀਕੇਡਿੰਗ ਨੂੰ ਤੋੜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ, ਭੀੜ ਬੇਕਾਬੂ ਹੋ ਗਈ ਤੇ ਰੋਸ ਮੁਜ਼ਾਹਰਾ ਹਿੰਸਕ ਹੋ ਗਿਆ ਸੀ। ਇਸ ਸਥਿਤੀ ਵਿਚ ਪੁਲਿਸ ਨੂੰ ਬਲ ਦੀ ਵਰਤੋਂ ਕਰਨੀ ਪਈ ਤੇ ਵਾਟਰ ਕੈਨਨ ਨਾਲ ਪਾਣੀ ਦੀ ਬੁਛਾਰ ਵੀ ਕੀਤੀ ਗਈ। ਕੁਝ ਆਗੂਆਂ ਨੇ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਵੀ ਕੀਤੀ। ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਧੱਕਾਮੁੱਕੀ ਕੀਤੀ ਅਤੇ ਪੱਥਰ ਵੀ ਸੁੱਟੇ, ਜਿਸ ਵਿਚ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਪੁਲਿਸ ਨੇ ਆਪ ਆਗੂਆਂ ਨੂੰ ਸਰਕਾਰੀ ਕੰਮ ਵਿਚ ਅੜਿੱਕੇ ਪਾਉਣ, ਹੱਥੋਪਾਈ ਕਰਨ ਤੇ ਡੀਸੀ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਸੀ।



