Punjab

ਫਸਲਾਂ ਡੋਬਣ ਲੱਗਾ ਪੌਂਗ ਡੈਮ ਤੋਂ ਛੱਡਿਆ ਪਾਣੀ,

ਹਰੀਕੇ ਹੈੱਡ ਵਰਕਸ ਤੋਂ ਛੱਡੇ ਪਾਣੀ ਨੇ ਮਖੂ ਤੇ ਮੱਲਾਂਵਾਲਾ ਦੇ ਦਰਿਆਈ ਇਲਾਕਿਆਂ ’ਚ ਡੋਬੀਆਂ ਫਸਲਾਂ

ਫਿਰੋਜ਼ਪੁਰ, 12 ਅਗਸਤ : ਹਿਮਾਚਲ ਵਿਚ ਲਗਾਤਾਰ ਪੈ ਰਹੀ ਬਾਰਿਸ਼ ਦੇ ਚੱਲਦਿਆਂ ਪੰਜਾਬ ਦੇ ਡੈਮਾਂ ਵਿਚ ਪਾਣੀ ਦਾ ਪੱਧਰ ਵਧਦਾ ਹੀ ਜਾ ਰਿਹਾ ਹੈ। ਇਸੇ ਤਰ੍ਹਾਂ ਪੌਂਗ ਡੈਮ ’ਚੋਂ ਬਿਆਸ ਦਰਿਆ ਵਿਚ ਪਾਣੀ ਛੱਡਣ ਕਰ ਕੇ ਹਰੀਕੇ ਹੈੱਡ ਵਰਕਸ ’ਤੇ ਵੀ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਹਰੀ ਕੇ ਹੈੱਡ ’ਤੇ ਪਾਣੀ ਦਾ ਪੱਧਰ ਮੇਨਟੇਨ ਰੱਖਣ ਲਈ ਸੋਮਵਾਰ ਨੂੰ ਹਰੀਕੇ ਹੈੱਡ ਵਰਕਸ ਤੋਂ ਭਾਰੀ ਮਾਤਰਾ ਵਿਚ ਪਾਣੀ ਛੱਡਣ ਕਰ ਕੇ ਹਰੀ ਕੇ ਹੈੱਡ ਤੋਂ ਅੱਗੇ ਮਖੂ ਅਤੇ ਮੱਲਾਂਵਾਲਾ ਬਲਾਕਾਂ ਦੇ ਪਿੰਡਾਂ ਦੀਆਂ ਜ਼ਮੀਨਾਂ ਵੱਲ ਪਾਣੀ ਦਰਿਆ ਦੇ ਕੰਢਿਆਂ ਵਿੱਚੋਂ ਬਾਹਰ ਨਿਕਲ ਆਇਆ। ਦੁਪਹਿਰ ਤੱਕ ਨੀਵੇਂ ਦਰਿਆਈ ਇਲਾਕਿਆਂ ਵਿਚ ਪਾਣੀ ਨੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ’ਤੇ ਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ। 2023 ਵਿਚ ਆਏ ਹੜ੍ਹਾਂ ਦੀ ਮਾਰ ਝੱਲ ਚੁੱਕੇ ਇਸ ਇਲਾਕੇ ਦੇ ਕਿਸਾਨ ਪੂਰੀ ਤਰ੍ਹਾਂ ਘਬਰਾਏ ਹੋਏ ਹਨ। ਦੋ ਸਾਲ ਪਹਿਲਾਂ ਆਏ ਹੜ੍ਹਾਂ ਵਿਚ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਸੀ, ਉਹ ਅਜੇ ਤੱਕ ਆਪਣੇ ਘਰ ਤੱਕ ਨਹੀਂ ਬਣਾ ਸਕੇ। ਲੋਕਾਂ ਦਾ ਸਰਕਾਰਾਂ ’ਤੇ ਦੋਸ਼ ਹੈ ਕਿ ਕਈ ਦਹਾਕਿਆਂ ਤੋਂ ਸਮੇਂ ਦੀਆਂ ਸਰਕਾਰਾਂ ਨੇ ਦਰਿਆਈ ਇਲਾਕੇ ਵਿਚ ਰਹਿੰਦੇ ਕਿਸਾਨਾਂ ਦੀ ਕਦੇ ਸਾਰ ਨਹੀਂ ਲਈ। ਸਰਕਾਰਾਂ ਵੱਲੋਂ ਪੀੜਤ ਪਰਿਵਾਰਾਂ ਨੂੰ ਨਾ ਤਾਂ ਕੋਈ ਸਹਾਇਤਾ ਰਾਸ਼ੀ ਨਹੀਂ ਦਿੱਤੀ ਗਈ ਅਤੇ ਨਾ ਹੀ ਦਰਿਆ ਦੇ ਅੰਦਰਲੇ ਇਲਾਕੇ ਦੀਆਂ ਸੜਕਾਂ ਤੇ ਸਕੂਲਾਂ ਦੀ ਮੁਰੰਮਤ ਹੋਈ ਹੈ। ਉਧਰ ਮਖੂ ਅਤੇ ਮੱਲਾਂਵਾਲਾ ਦੇ ਦਰਿਆਈ ਇਲਾਕਿਆਂ ਵਿਚ ਸਤਲੁਜ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਕਿਸਾਨਾਂ ਨੇ ਅਹਿਤਿਆਤ ਵਜੋਂ ਆਪਣੇ ਖੇਤਾਂ ਵਿਚੋਂ ਮੋਟਰਾਂ ਹੋਰ ਸਾਮਾਨ ਬਾਹਰ ਕੱਢਣੇ ਸ਼ੁਰੂ ਕਰ ਦਿੱਤੇ ਹਨ। ਕਿਸਾਨ ਗੁਰਪ੍ਰੀਤ ਸਿੰਘ, ਹੈਰੀ ਅਤੇ ਗੁਰਚਰਨ ਸਿੰਘ ਨੇ ਦੱਸਿਆ ਦਰਿਆ ਦੇ ਪਾਣੀ ਕਾਰਨ ਫਸਲਾਂ ਡੁੱਬ ਗਈਆਂ, ਪਾਣੀ ਦਾ ਬਹਾਅ ਕਾਫੀ ਤੇਜ਼ ਹੋ ਰਿਹਾ ਹੈ।

ਪ੍ਰਸ਼ਾਸਨ ਵੱਲੋਂ ਹਾਲਾਤ ’ਤੇ ਰੱਖੀ ਜਾ ਰਹੀ ਹੈ ਨਜ਼ਰ : ਡੀਸੀ

ਉਧਰ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਦਰਿਆ ਸਤਲੁਜ ਵਿਚ ਵੱਧ ਰਹੇ ਪਾਣੀ ਦੇ ਪੱਧਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਤਾਰ ਨਜ਼ਰ ਰੱਖੀ ਜਾ ਰਹੀ ਹੈ। ਇਸ ਸਬੰਧੀ ਬੀਤੇ ਦਿਨਾਂ ਤੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਵੱਲੋਂ ਹਰੀ ਕੇ ਹੈੱਡਵਰਕਸ ਤੋਂ ਹੁਸੈਨੀਵਾਲਾ ਹੈੱਡਵਰਕਸ ਤੱਕ ਸਤਲੁਜ ਦੇ ਦਰਿਆਈ ਇਲਾਕਿਆਂ ਵਿਚ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਸਬੰਧੀ ਦੀਪਸ਼ਿਖਾ ਸ਼ਰਮਾ ਨੇ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਹਿਰੀ ਵਿਭਾਗ, ਡਰੇਨੇਜ ਵਿਭਾਗ ਤੋਂ ਲੈ ਕੇ ਸਬੰਧਤ ਸਾਰੇ ਹੀ ਵਿਭਾਗਾਂ ਨੂੰ ਪੂਰੀ ਤਰ੍ਹਾਂ ਅਲਰਟ ’ਤੇ ਰੱਖਿਆ ਹੋਇਆ ਹੈ।

Related Articles

Leave a Reply

Your email address will not be published. Required fields are marked *

Back to top button