Punjab

ਫਰਜ਼ੀ ਐੱਸਸੀ ਸਰਟੀਫਿਕੇਟ ਬਣਾ ਕੇ ਕੌਂਸਲਰ ਬਣਨ ਵਾਲੇ ਖ਼ਿਲਾਫ਼ ਕੇਸ ਦਰਜ

ਬਠਿੰਡਾ, 6 ਅਗਸਤ : ਸ਼ਡਿਊਲ ਕਾਸਟ ਦਾ ਫਰਜ਼ੀ ਸਰਟੀਫਿਕੇਟ ਤਿਆਰ ਕਰ ਕੇ ਕੌਂਸਲਰ ਦੀ ਚੋਣ ਜਿੱਤਣ ਵਾਲੇ ਇਕ ਵਿਅਕਤੀ ਖ਼ਿਲਾਫ਼ ਥਾਣਾ ਕੋਟਫੱਤਾ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐੱਸਸੀ ਕਮਿਸ਼ਨ ਕੋਲ ਕੀਤੀ ਸ਼ਿਕਾਇਤ ਵਿਚ ਮੌਜੂਦਾ ਕੌਂਸਲਰ ਪਰਮਜੀਤ ਕੌਰ ਵਾਸੀ ਕੋਟਫੱਤਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਵਾਸੀ ਕੋਟਫੱਤਾ ਨੇ ਸ਼ਡਿਊਲ ਕਾਸਟ ਦਾ ਫਰਜ਼ੀ ਸਰਟੀਫਿਕੇਟ ਤਿਆਰ ਕਰਕੇ ਕੌਂਸਲਰ ਦੀ ਚੋਣ ਲੜੀ ਹੈ। ਉਨ੍ਹਾਂ ਸ਼ਿਕਾਇਤ ਵਿਚ ਦੱਸਿਆ ਸੀ ਕਿ ਜਸਵਿੰਦਰ ਸਿੰਘ ਨੇ ਆਪਣੇ ਆਪ ਨੂੰ ਬੀਸੀ ਕੈਟਾਗਰੀ ਤੋਂ ਐਸੀ ਕੈਟਾਗਰੀ ਹੋਣ ਦਾ ਦਿਖਾ ਕੇ ਪਹਿਲਾਂ ਸਰਟੀਫਿਕੇਟ ਤਿਆਰ ਕੀਤਾ ਤੇ ਨਗਰ ਕੌਂਸਲ ਕੋਟਫੱਤਾ ਦੇ ਵਾਰਡ ਨੰਬਰ 2 ਤੋਂ ਕੌਂਸਲਰ ਦੀ ਚੋਣ ਲੜੀ। ਇਸ ਦੌਰਾਨ ਜਸਵਿੰਦਰ ਸਿੰਘ ਚੋਣ ਜਿੱਤ ਕੇ ਕੌਂਸਲਰ ਬਣ ਗਿਆ ਪਰ ਜਦੋਂ ਪਤਾ ਲੱਗਾ ਕਿ ਉਕਤ ਵਿਅਕਤੀ ਨੇ ਫਰਜ਼ੀ ਸ਼ਡਿਊਲ ਕਾਸਟ ਸਰਟੀਫਿਕੇਟ ਤਿਆਰ ਕਰਕੇ ਕਿਸੇ ਦਾ ਹੱਕ ਮਾਰਿਆ ਹੈ ਤਾਂ ਇਸ ਦੀ ਸ਼ਿਕਾਇਤ ਇਕ ਕੌਂਸਲਰ ਪਰਮਜੀਤ ਕੌਰ ਵੱਲੋਂ ਨੈਸ਼ਨਲ ਐਸਸੀ ਕਮਿਸ਼ਨ ਨੂੰ ਕੀਤੀ ਗਈ, ਜਿਸਨੇ ਇਸਦੀ ਜਾਂਚ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਪੱਤਰ ਭੇਜਿਆ ਸੀ। ਡਿਪਟੀ ਕਮਿਸ਼ਨਰ ਵੱਲੋਂ ਕਰਵਾਈ ਗਈ ਜਾਂਚ ਤੋਂ ਬਾਅਦ ਪਾਇਆ ਗਿਆ ਕਿ ਉਕਤ ਵਿਅਕਤੀ ਦਾ ਸ਼ਡਿਊਲ ਕਾਸਟ ਸਰਟੀਫਿਕੇਟ ਫਰਜ਼ੀ ਬਣਾਇਆ ਗਿਆ ਹੈ। ਉਕਤ ਵਿਅਕਤੀ ਦੇ ਸਕੂਲ ਸਰਟੀਫਿਕੇਟਾਂ ਵਿਚ ਉਸ ਦੀ ਜਾਤੀ ਥੋਰੀ ਦਿਖਾਈ ਗਈ ਹੈ ,ਜਿਹੜੀ ਕਿ ਬੈਕਵਰਡ ਕਲਾਸਿਜ ਵਿਚ ਆਉਂਦੀ ਹੈ, ਜਦੋਂਕਿ ਉਕਤ ਵਿਅਕਤੀ ਨੇ ਥੋਰੀ ਤੋਂ ਕੋਰੀ ਜਾਤੀ ਲਿਖ ਦਿੱਤੀ ਜਿਹੜੀ ਕਿ ਸ਼ੈਡਿਊਲ ਕਾਸਟ ਸ੍ਰੇਣੀ ਵਿਚ ਆਉਂਦੀ ਹੈ। ਇਸ ਤਰ੍ਹਾਂ ਦਸਤਵੇਜਾਂ ਵਿਚ ਛੇੜਛਾੜ ਕਰਕੇ ਜਸਵਿੰਦਰ ਸਿੰਘ ਨੇ ਸ਼ਡਿਊਲ ਕਾਸਟ ਦਾ ਸਰਟੀਫਿਕੇਟ ਤਿਆਰ ਕਰਕੇ ਚੋਣ ਲੜੀ ਤੇ ਕੌਂਸਲਰ ਬਣ ਗਿਆ। ਉਹ ਪਿਛਲੇ ਕਰੀਬ ਚਾਰ ਸਾਲ ਤੋਂ ਨਗਰ ਕੌਂਸਲ ਕੋਟਫੱਤਾ ਦਾ ਕੌਂਸਲਰ ਚੱਲਿਆ ਆ ਰਿਹਾ ਹੈ। ਉਸ ਦਾ ਸਰਟੀਫਿਕੇਟ ਫਰਜ਼ੀ ਪਾਏ ਜਾਣ ਤੋਂ ਬਾਅਦ ਉਸ ਦੀ ਮੈਂਬਰਸ਼ਿਪ ਖਤਮ ਕਰਨ ਲਈ ਪੰਜਾਬ ਸਰਕਾਰ ਨੂੰ ਲਿਖਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button