Punjab

ਫਤਹਿਗੜ੍ਹ ਚੂੜੀਆਂ ’ਚ ਦਿਨ ਦਿਹਾੜੇ ਚਲੀ ਗੋਲੀ

ਫਤਹਿਗੜ੍ਹ ਚੂੜੀਆਂ, 31 ਜੁਲਾਈ :  ਕਸਬਾ ਫਤਹਿਗੜ੍ਹ ਚੂੜੀਆਂ ਦੇ ਅਜਨਾਲਾ ਰੋਡ ’ਤੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਵੀਰਵਾਰ ਦੀ ਸਵੇਰ ਕਰੀਬ ਸਾਢੇ 10 ਵਜੇ ਵਾਪਰੀ ਦੱਸੀ ਗਈ ਹੈ। ਇੱਕ ਮੋਟਰਸਾਈਕਲ ’ਤੇ ਸਵਾਰ ਦੋ ਅਣ-ਪਛਾਤੇ ਨੌਜਵਾਨਾਂ ਨੇ ਦਸਤੂਰ-ਏ-ਦਸਤਾਰ ਦੀ ਦੁਕਾਨ ’ਤੇ ਗੋਲੀ ਚਲਾਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ ਗਈ। ਇਸ ਗੋਲੀਕਾਂਡ ’ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਉਧਰ ਫਤਹਿਗੜ੍ਹ ਚੂੜੀਆਂ ’ਚ ਵਾਪਰੇ ਗੋਲੀਕਾਂਡ ਨੂੰ ਲੈ ਕੇ ਦੁਕਾਨਦਾਰਾਂ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਗੋਲੀ ਲੱਗਣ ਨਾਲ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ। ਗੋਲੀ ਚੱਲਣ ਦੀ ਸੂਚਨਾ ਮਿਲਦਿਆਂ ਹੀ ਫਤਹਿਗੜ੍ਹ ਚੂੜੀਆਂ ਦੇ ਡੀਐੱਸਪੀ ਵਿਪਨ ਕੁਮਾਰ ਅਤੇ ਐੱਸਐੱਚਓ ਪ੍ਰਭਜੋਤ ਸਿੰਘ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਵੇਰਵਾ ਲਿਆ। ਦੁਕਾਨ ਮਾਲਕ ਸਿਮਰਨਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਰਣਸੀਕੇ ਤਲਾ ਨੇ ਦੱਸਿਆ ਕਿ ਉਸਦਾ ਫਤਹਿਗੜ੍ਹ ਚੂੜੀਆਂ ’ਚ ਪੱਗਾਂ ਦਾ ਸ਼ੋਰੂਮ ਹੈ ਅਤੇ ਵੀਰਵਾਰ ਨੂੰ ਉਹ ਆਪਣੇ ਸ਼ੋਰੂਮ ’ਤੇ ਬੈਠਾ ਹੋਇਆ ਸੀ ਕਿ ਮੋਟਰਸਾਈਕਲ ’ਤੇ ਦੋ ਨੌਜਵਾਨ ਆਏ ਅਤੇ ਦੁਕਾਨ ਵੱਲ ਗੋਲੀ ਚਲਾ ਕੇ ਫ਼ਰਾਰ ਹੋ ਗਏ। ਸਿਮਰਨਜੀਤ ਸਿੰਘ ਨੇ ਦੱਸਿਆ ਕਿ ਗੋਲੀ ਦੁਕਾਨ ਦਾ ਸ਼ੀਸ਼ਾ ਤੋੜਦੀ ਹੋਈ ਅੰਦਰ ਪਏ ਸਟੈਚੂ ਨੂੰ ਲੱਗੀ। ਉਧਰ ਮੌਕੇ ’ਤੇ ਪਹੁੰਚੇ ਡੀਐੱਸਪੀ ਫਤਹਿਗੜ੍ਹ ਚੂੜੀਆਂ ਵਿਪਨ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦਸਤੂਰ ਏ ਦਸਤਾਰ ਸ਼ੋਰੂਮ ’ਤੇ ਗੋਲੀ ਚੱਲੀ ਹੈ। ਉਹਨਾਂ ਦੱਸਿਆ ਕਿ ਉਹ ਮੌਕੇ ’ਤੇ ਪਹੁੰਚੇ ਅਤੇ ਦੁਕਾਨਦਾਰ ਤੋਂ ਵੇਰਵਾ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਦੁਕਾਨ ਅਤੇ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਜਲਦ ਹੀ ਮੁਲਜਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਕਤ ਮਾਮਲੇ ਦੇ ਸਬੰਧ ’ਚ ਥਾਣਾ ਫਤਹਿਗੜ੍ਹ ਚੂੜੀਆਂ ਵਿਖੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button