
ਫਿਰੋਜ਼ਪੁਰ, 10 ਫਰਵਰੀ (ਬਾਲ ਕਿਸ਼ਨ)- ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਜਵਾਏ ਸਿੰਘ ਵਾਲਾ ਵਿਖੇ ਫਰਜ਼ੀ ਪੰਚਾਇਤ ਦੇ ਮਤਾ ਤਿਆਰ ਕਰਕੇ ਉਸ ਦੀ ਦੁਰਵਰਤੋਂ ਕਰਕੇ ਪੰਜਾਬ ਸਰਕਾਰ ਨਾਲ ਠੱਗੀ ਮਾਰਨ ਵਾਲੀ ਸਾਬਕਾ ਸਰਪੰਚਣੀ ਸਮੇਤ ਦੋ ਖਿਲਾਫ ਥਾਣਾ ਗੁਰੂਹਰਸਹਾਏ ਪੁਲਿਸ ਨੇ 420, 406 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਸਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਜਵਾਏ ਸਿੰਘ ਵਾਲਾ ਨੇ ਦੱਸਿਆ ਕਿ ਦੋਸ਼ਣ ਸਾਬਕਾ ਸਰਪੰਚ ਮਹਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਨੇ ਮਤਾ ਬੁੱਕ ਤੋਂ ਬਾਹਰ ਫਰਜ਼ੀ ਪੰਚਾਇਤ ਮਤਾ ਤਿਆਰ ਕਰਕੇ ਉਸ ਦੀ ਦੁਰਵਰਤੋਂ ਕਰਕੇ ਸਬਸਿਡੀ ਵਾਲੇ ਖੇਤੀ ਸੰਦ 2 ਸੁਪਰਸੀਡਰ ਤੇ 1 ਜੀਰੋ ਡਰਿੱਲ ਮਸ਼ੀਨ ਖਰੀਦ ਕਰਕੇ ਤੇ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੀ ਸਬਸਿਡੀ 3 ਲੱਖ 80 ਹਜ਼ਾਰ ਰੁਪਏ ਆਪਣੇ ਨਿੱਜੀ ਖਾਤੇ ਵਿਚ ਲੈ ਕੇ ਪੰਜਾਬ ਸਰਕਾਰ ਨਾਲ ਠੱਗੀ ਮਾਰੀ ਹੈ। ਜਸਵੰਤ ਸਿੰਘ ਨੇ ਦੱਸਿਆ ਕਿ ਦੋਸ਼ਣ ਸਾਬਕਾ ਸਰਪੰਚ ਮਹਿੰਦਰ ਕੌਰ ਨੇ ਖੇਤੀ ਵਾਲੇ ਸੰਦ ਅੱਗੇ ਵੇਚ ਕੇ ਖੁਰਦ ਖੁਰਦ ਕਰ ਦਿੱਤੇ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸੈਕਟਰ ਜੱਜਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਸਾਬਕਾ ਸਰਪੰਚ ਮਹਿੰਦਰ ਕੌਰ ਅਤੇ ਮਨਜੀਤ ਸਿੰਘ ਪੰਚ ਪੁੱਤਰ ਕਸ਼ਮੀਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



