Punjab

ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਕਿਸਾਨਾਂ ਤੋਂ ਹਲਫੀਆ ਬਿਆਨ ਲਵੇਗਾ ਸ਼੍ਰੋਮਣੀ ਅਕਾਲੀ ਦਲ, ਕਿਹਾ- ਇਹ ਵੀ ਦਿੱਲੀ ਦੀ ਸ਼ਰਾਬ ਨੀਤੀ ਵਾਂਗ

ਲੁਧਿਆਣਾ, 3 ਜੂਨ : ਪ੍ਰਦੇਸ਼ ਸਰਕਾਰ ਵੱਲੋਂ ਲਿਆਂਦੀ ਗਈ ਨਵੀਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਪਿੰਡ ਪੱਧਰ ਤਕ ਪਹੁੰਚ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਤੋਂ ਹਲਫੀਆ ਬਿਆਨ ਲਏ ਜਾ ਰਹੇ ਹਨ ਕਿ ਉਹ ਸਰਕਾਰ ਦੀ ਇਸ ਨੀਤੀ ਦਾ ਵਿਰੋਧ ਕਰਦੇ ਹਨ। ਇਸ ਮਕਸਦ ਲਈ ਪਿੰਡ ਪੱਧਰ ‘ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਣਜੀਤ ਸਿੰਘ ਢਿੱਲੋਂ ਤੇ ਜਸਕਰਨ ਸਿੰਘ ਨੇ ਦੱਸਿਆ ਕਿ ਵੀਰਵਾਰ ਤੋਂ ਇਹ ਕੈਂਪ ਸ਼ੁਰੂ ਕੀਤੇ ਜਾਣਗੇ ਜਿਸਦਾ ਪਹਿਲਾ ਕੈਂਪ ਈਸੇਵਾਲ ਪਿੰਡ ‘ਚ ਲਗਾਇਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਪਾਰਟੀ ਦੇ ਧਰਨੇ-ਪ੍ਰਦਰਸ਼ਨ ਤੋਂ ਬਾਅਦ ਮਜਬੂਰ ਹੋਈ ਹੈ ਕਿ ਉਸ ਨੂੰ ਨੀਤੀ ‘ਚ ਬਦਲਾਅ ਕਰਨੇ ਪਏ ਹਨ। ਪਰ ਇਹ ਨੀਤੀ ਅਜੇ ਵੀ ਕਿਸਾਨਾਂ ਦੇ ਖ਼ਿਲਾਫ਼ ਹੈ ਅਤੇ ਇਸ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਵੇਗਾ। ਸਰਕਾਰ ਵੱਲੋਂ ਛੋਟੇ ਕਿਸਾਨਾਂ ਨੂੰ ਭਰਮਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਪਰ ਇਹ ਨੀਤੀ ਦਿੱਲੀ ਦੀ ਸ਼ਰਾਬ ਨੀਤੀ ਵਾਂਗ ਹੈ ਜਿਸ ਵਿਚ ਉਨ੍ਹਾਂ ਦਾ ਮਕਸਦ ਇੱਥੇ ਵੀ ਧਨਾਢ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਉਣਾ ਹੈ ਜਿਸ ਨਾਲ ਕਿਸਾਨਾਂ ਅਤੇ ਛੋਟੇ ਰੀਅਲ ਅਸਟੇਟ ਕਾਰੋਬਾਰੀਆਂ ਨੂੰ ਵੱਡਾ ਨੁਕਸਾਨ ਹੋਵੇਗਾ। ਅਕਾਲੀ ਦਲ ਇਸ ਨੀਤੀ ਖ਼ਿਲਾਫ਼ ਪਿੰਡਾਂ ਤੋਂ ਲੈ ਕੇ ਅਦਾਲਤ ਤਕ ਲੜਾਈ ਲੜੇਗਾ ਤੇ ਇਸ ਸਬੰਧੀ ਪਾਰਟੀ ਦੇ ਆਗੂ ਅਤੇ ਸੀਨੀਅਰ ਵਕੀਲ ਵਿਚਾਰ-ਵਟਾਂਦਰਾ ਕਰ ਰਹੇ ਹਨ।

Related Articles

Leave a Reply

Your email address will not be published. Required fields are marked *

Back to top button