Punjab

ਪੰਜਾਬ ਸਰਕਾਰ ਦੀ ਜ਼ਮੀਨ ਹੜੱਪਣ ਦੀ ਸਾਜਿਸ਼: 40 ਹਜ਼ਾਰ ਕਿੱਲੇ ਅਤੇ ਫਿਰੋਜ਼ਪੁਰ ਦੀ 313 ਕਿੱਲੇ ਜ਼ਮੀਨ ਖਤਰੇ ਵਿਚ

ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ ਵਿਚ ਫਿਰੋਜ਼ਪੁਰ ਵਿਖੇ ਸਰਕਾਰ ਵਿਰੁੱਧ ਜ਼ਬਰਦਸਤ ਧਰਨਾ

ਬਾਲ ਕਿਸ਼ਨ

ਫਿਰੋਜ਼ਪੁਰ, 15 ਜੁਲਾਈ : ਪੰਜਾਬ ਸਰਕਾਰ ਵੱਲੋਂ ਸੂਬੇ ਦੀ 40 ਹਜ਼ਾਰ ਕਿੱਲੇ ਜ਼ਮੀਨ ਅਤੇ ਖਾਸ ਕਰਕੇ ਫਿਰੋਜ਼ਪੁਰ ਦੀ 313 ਕਿੱਲੇ ਜ਼ਮੀਨ ਨੂੰ ਹੜਪਣ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਅੱਜ ਫਿਰੋਜ਼ਪੁਰ ਦੇ ਡੀਸੀ ਦਫਤਰ ਵਿਖੇ ਇੱਕ ਵਿਸ਼ਾਲ ਧਰਨਾ ਲਗਾਇਆ ਗਿਆ। ਇਸ ਧਰਨੇ ਦੀ ਅਗਵਾਈ ਸਾਬਕਾ ਕੈਬਨਿਟ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤੀ। ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ, ਸਥਾਨਕ ਲੋਕਾਂ ਅਤੇ ਸਮਾਜਿਕ ਕਾਰਕੁਨਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਸਰਕਾਰ ਦੀਆਂ ਨੀਤੀਆਂ ਖਿਲਾਫ ਤਿੱਖੇ ਸੁਰ ਵਿੱਚ ਰੋਸ ਪ੍ਰਗਟ ਕੀਤਾ। ਰਾਣਾ ਗੁਰਮੀਤ ਸਿੰਘ ਸੋਢੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਅਤੇ ਸੱਭਿਆਚਾਰ ਦੀ ਨੀਂਹ ਕਿਸਾਨੀ ਅਤੇ ਜ਼ਮੀਨ ਹੈ, ਪਰ ਸੂਬਾ ਸਰਕਾਰ ਇਸ ਨੂੰ ਜ਼ਬਰਦਸਤੀ ਹੜਪਣ ਦੀਆਂ ਸਾਜਿਸ਼ਾਂ ਰਚ ਰਹੀ ਹੈ। ਉਨ੍ਹਾਂ ਨੇ ਕਿਹਾ ਪੰਜਾਬ ਦੇ ਪਿੰਡਾਂ ਦੀ ਰੀੜ੍ਹ ਦੀ ਹੱਡੀ ਕਿਸਾਨ ਅਤੇ ਉਸ ਦੀ ਜ਼ਮੀਨ ਹੈ। ਸਰਕਾਰ ਦੀਆਂ ਮਨਮਾਨੀਆਂ ਨੇ ਕਿਸਾਨਾਂ ਨੂੰ ਸੰਗਠਿਤ ਹੋਣ ਲਈ ਮਜਬੂਰ ਕਰ ਦਿੱਤਾ ਹੈ। ਅਸੀਂ ਇਸ ਧੱਕੇ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਾਂਗੇ। ਸੋਢੀ ਨੇ ਸਰਕਾਰ ਦੀ ਨੀਤੀਆਂ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਹੇਠ ‘‘ਪਬਲਿਕ ਯੂਟਿਲਿਟੀ’’ ਦੇ ਨਾਂ ’ਤੇ ਲੈਂਡ ਐਕੁਇਜ਼ੀਸ਼ਨ ਐਂਡ ਰੀਹੈਬੀਲੀਟੇਸ਼ਨ (ਐੱਲਏਆਰ-2013) ਐਕਟ ਨੂੰ ਤੋੜ-ਮਰੋੜ ਕੇ ਕਿਸਾਨਾਂ ਦੀ ਜ਼ਮੀਨ ਹੜਪਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਇਹ ਸਿਰਫ ਜ਼ਮੀਨ ਦੀ ਲੁੱਟ ਨਹੀਂ, ਸਗੋਂ ਪੰਜਾਬ ਦੀ ਵਿਰਾਸਤ, ਇਤਿਹਾਸ ਅਤੇ ਸੱਭਿਆਚਾਰ ’ਤੇ ਸਿੱਧਾ ਹਮਲਾ ਹੈ। ਪੰਜਾਬ ਦੀ ਪਹਿਚਾਣ ਇਸ ਦੇ ਪਿੰਡਾਂ ਅਤੇ ਖੇਤਾਂ ਨਾਲ ਹੈ। ਰਾਣਾ ਸੋਢੀ ਨੇ ਸਰਕਾਰ ਦੇ ਪ੍ਰਸ਼ਾਸਨਿਕ ਢਾਂਚੇ ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਸਾਰੇ ਅਧਿਕਾਰ ਚੀਫ ਸੈਕਟਰੀ ਨੂੰ ਸੌਂਪ ਦਿੱਤੇ ਹਨ, ਜੋ ਆਮ ਲੋਕਾਂ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਕੇ ਮਨਮਰਜ਼ੀ ਨਾਲ ਆਰਡਰ ਪਾਸ ਕਰ ਰਹੇ ਹਨ। ਇਹ ਸਰਕਾਰ ਦੀ ਤਾਨਾਸ਼ਾਹੀ ਨੀਤੀਆਂ ਦਾ ਸਬੂਤ ਹੈ। ਆਮ ਲੋਕਾਂ ਦੀਆਂ ਅਵਾਜ਼ਾਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਦੀ ਰੋਟੀ ਨੂੰ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਧਰਨੇ ਵਿੱਚ ਸ਼ਾਮਲ ਹੋਰ ਵਕਤਾਵਾਂ ਨੇ ਵੀ ਸਰਕਾਰ ਦੀਆਂ ਨੀਤੀਆਂ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਪਿੰਡ ਅਤੇ ਖੇਤ ਸੂਬੇ ਦੀ ਆਰਥਿਕਤਾ ਦਾ ਮੁੱਖ ਸਰੋਤ ਹਨ। ਪੰਜਾਬ ਨੂੰ ਦੇਸ਼ ਦਾ ਅੰਨ ਭੰਡਾਰ ਕਹਿਣ ਦਾ ਮਾਣ ਇਨ੍ਹਾਂ ਖੇਤਾਂ ਕਰਕੇ ਹੀ ਹੈ। ਸਰਕਾਰ ਦੀਆਂ ਜ਼ਮੀਨ ਹੜਪਣ ਦੀਆਂ ਨੀਤੀਆਂ ਨੂੰ ਰੋਕਣ ਲਈ ਲੋਕਾਂ ਨੇ ਇਕਜੁੱਟ ਹੋ ਕੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਰਾਣਾ ਸੋਢੀ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਸਰਕਾਰ ਨੇ ਆਪਣੀਆਂ ਨੀਤੀਆਂ ਵਿੱਚ ਸੁਧਾਰ ਨਾ ਕੀਤਾ ਅਤੇ ਕਿਸਾਨਾਂ ਦੀ ਜ਼ਮੀਨ ਨੂੰ ਹੜਪਣ ਦੀਆਂ ਕੋਸ਼ਿਸ਼ਾਂ ਨਾ ਰੋਕੀਆਂ, ਤਾਂ ਪੰਜਾਬ ਦੇ ਕਿਸਾਨ ਅਤੇ ਆਮ ਲੋਕ ਸੜਕਾਂ ’ਤੇ ਉਤਰਣਗੇ ਅਤੇ ਇਸ ਅਨਿਆਂ ਵਿਰੁੱਧ ਵੱਡਾ ਅੰਦੋਲਨ ਛੇੜਿਆ ਜਾਵੇਗਾ।” ਧਰਨੇ ਦੌਰਾਨ ਕਿਸਾਨਾਂ ਅਤੇ ਸਥਾਨਕ ਲੋਕਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਆਪਣੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸ਼ਮਸ਼ੇਰ ਸਿੰਘ ਕਾਕੜ ਜ਼ਿਲ੍ਹਾ ਪ੍ਰਧਾਨ ਭਾਜਪਾ, ਜੁਗਰਾਜ ਸਿੰਘ ਕਟੋਰਾ, ਨਤਿੰਦਰ ਮੁਖੀਜਾ, ਹਰਿੰਦਰ ਸਿੰਘ ਕੁੱਲ, ਮਨੀਸ਼ ਧਵਨ, ਦਵਿੰਦਰ ਜੰਗ, ਵਿੱਕੀ ਸਿੱਧੂ, ਕਾਰਜ ਸਿੰਘ, ਆਹਲਾ, ਸਰਬਜੀਤ ਸਿੰਘ ਬੌਬੀ ਬਾਠ, ਦਵਿੰਦਰ ਕਪੂਰ, ਵਿਜੇ ਕੈਂਥ, ਅਸ਼ੋਕ ਸਹਿਗਲ, ਮੇਜਰ ਟਿੱਬੀ, ਰਵੀ ਚਾਵਲਾ, ਅਮਰਜੀਤ ਸਿੰਘ ਘਾਰੂ, ਸੁਰਿੰਦਰਪਾਲ ਸਿੰਘ ਸਿੱਧੂ, ਲਖਬੀਰ ਸੰਧੂ, ਭਗਵਾਨ ਸਿੰਘ ਭੁੱਲਰ, ਸਾਹਬ ਸਿੰਘ ਮੁੱਦਕਾ, ਮੋਹਨ ਸਿੰਘ ਲਾਲਕਾ, ਦਰਬਾਰਾ ਸਿੰਘ, ਮਿੱਕੀ ਪ੍ਰਧਾਨ, ਭਜਨ ਬਾਰੇ ਕੇ, ਵਿੰਨੀ ਗੁਪਤਾ, ਵਿਕਰਮਜੀਤ ਪੋਜੋ ਕੇ, ਦੀਦਾਰ ਸਿਆਲ ਆਦਿ ਮੌਜ਼ੂਦ ਸਨ।

Related Articles

Leave a Reply

Your email address will not be published. Required fields are marked *

Back to top button