
ਚੰਡੀਗੜ੍ਹ, 26 ਮਾਰਚ-26 ਮਾਰਚ-ਸੂਬਾ ਸਰਕਾਰ (Punjab Govt) ਵੱਲੋਂ ਜੇਲ੍ਹਾਂ ‘ਚ ਬੰਦ ਕੈਦੀਆਂ ਦੇ ਪੁਨਰਵਾਸ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ 2200 ਤੋਂ ਵੱਧ ਕੈਦੀਆਂ ਨੂੰ ਵਿਦਿਅਕ ਪ੍ਰੋਗਰਾਮਾਂ ਲਈ ਚੁਣਿਆ ਗਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਦੱਸਿਆ ਕਿ 513 ਕੈਦੀਆਂ ਨੂੰ ਸਕਿੱਲ ਡਿਵੈਲਪਮੈਂਟ ਦਾ ਪਾਠ ਪੜ੍ਹਾਇਆ ਜਾਵੇਗਾ। ਚੀਮਾ ਨੇ ਕਿਹਾ ਕਿ ਘਰੇਲੂ, ਨਿਆਂ ਅਤੇ ਜੇਲ੍ਹ ਵਿਭਾਗ ਲਈ 11,560 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ। ਸੂਬੇ ‘ਚ ਨਵੇਂ ਪੁਲਿਸ ਪਰਿਸਰ, ਪੁਲਿਸ ਲਾਈਨਾਂ, ਪੁਲਿਸ ਸਟੇਸ਼ਨਾਂ ਦਾ ਨਿਰਮਾਣ ਤੇ ਨਵੀਨੀਕਰਨ ਅਤੇ ਪੁਲਿਸ ਮੁਲਾਜ਼ਮਾਂ ਦੀ ਰਿਹਾਇਸ਼ ਲਈ ਜ਼ਮੀਨ ਖਰੀਦਣ ਦੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਜੋ ਪੁਲਿਸ ਮੁਲਾਜ਼ਮਾਂ ਨੂੰ ਰਹਿਣ ਦੀ ਸਹੂਲਤ ਪ੍ਰਦਾਨ ਕੀਤੀ ਜਾ ਸਕੇ। ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਵੀ ਸਾਰਥਕ ਨਤੀਜੇ ਸਾਹਮਣੇ ਆਏ ਹਨ। ਸੜਕ ਦੁਰਘਟਨਾਵਾਂ ‘ਚ ਹੋਣ ਵਾਲੀਆਂ ਮੌਤਾਂ ‘ਚ 48 ਫੀਸਦੀ ਦੀ ਕਮੀ ਆਈ ਹੈ।ਵਿੱਤ ਮੰਤਰੀ ਨੇ ਕਿਹਾ ਕਿ ਜੇਲ੍ਹਾਂ ‘ਚ ਹੋ ਰਹੀਆਂ ਗ਼ੈਰ ਕਾਨੂੰਨੀ ਗਤੀਵਿਧੀਆਂ ਦਾ ਪਤਾ ਲਗਾਉਣ ਤੇ ਉਨ੍ਹਾਂ ਨੂੰ ਰੋਕਣ ਲਈ ਕੇਂਦਰੀ ਜੇਲ੍ਹਾਂ ‘ਚ ਏਆਈ ਚਲਿਤ ਸੀਸੀਟੀਵੀ ਲਗਾਏ ਜਾ ਰਹੇ ਹਨ ਜਦਕਿ 12 ਸੰਵੇਦਨਸ਼ੀਲ ਜੇਲ੍ਹਾਂ ‘ਚ ਵੀ ਕਵਚ ਜੈਮਰ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਜੇਲ੍ਹਾਂ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ, ਨਵੀਨੀਕਰਨ ਤੇ ਉਨਤੀ ਲਈ 100 ਕਰੋੜ ਰੁਪਏ ਰੱਖੇ ਗਏ ਹਨ। ਪੁਲਿਸ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ 233 ਕਰੋੜ ਦੇ ਬਜਟ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ-ਨਾਲ ਡੇਰਾਬੱਸਸੀ, ਖੰਨਾ ਅਤੇ ਪਾਤੜਾਂ ‘ਚ ਨਵੇਂ ਨਿਆਇਕ ਕੰਪਲੈਕਸ ਬਣਾਏ ਜਾਣਗੇ। ਇਸ ਲਈ 132 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਨਿਆਂ ਪਰਿਸਰਾਂ ਦੇ ਬੁਨਿਆਦੀ ਢਾਂਚੇ ਵਿਚ ਵੀ ਸੁਧਾਰ ਕੀਤਾ ਜਾਵੇਗਾ।



