ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਫਿਰੋਜ਼ਪੁਰ ਵਿੱਚ ਭੱਠਾ ਉਦਯੋਗ ਲਈ ਸੈਮੀਨਾਰ ਦਾ ਆਯੋਜਨ
ਭੱਠਾ ਮਾਲਕਾਂ ਨੇ ਅਧਿਕਾਰੀਆਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਕੀਤਾ ਸਵਾਗਤ

ਬਾਲ ਕਿਸ਼ਨ
ਫਿਰੋਜ਼ਪੁਰ, 14 ਜੂਨ- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸ਼ਾਲੀਮਾਰ ਬੈਂਕੁਏਟ ਹਾਲ, ਇੰਡਸਟਰੀਅਲ ਏਰੀਆ, ਫਿਰੋਜ਼ਪੁਰ ਸ਼ਹਿਰ ਵਿੱਚ ਭੱਠਾ ਉਦਯੋਗ ਦੇ ਕੁਸ਼ਲ ਸੰਚਾਲਨ ਲਈ ਇੱਕ ਸੈਮੀਨਾਰ ਅਤੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਅਗਰਵਾਲ ਅਤੇ ਸਮੂਹ ਜ਼ਿਲ੍ਹਾ ਭੱਠਾ ਮਾਲਕਾਂ ਨੇ ਅਧਿਕਾਰੀਆਂ ਦਾ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ। ਸੈਮੀਨਾਰ ਵਿੱਚ ਪੰਜਾਬ ਸਾਇੰਸ ਅਤੇ ਟੈਕਨਾਲੋਜੀ ਵਿਭਾਗ ਦੇ ਪੀ.ਐੱਸ.ਓ. ਮਗਨਬੀਰ ਸਿੰਘ ਅਤੇ ਕਾਰਜਕਾਰੀ ਇੰਜਨੀਅਰ ਅਭਿਸ਼ੇਕ ਚੌਹਾਨ ਨੇ ਭੱਠਾ ਸੰਚਾਲਨ ਦੇ ਤਕਨੀਕੀ ਪਹਿਲੂਆਂ ’ਤੇ ਆਪਣੀ ਮਾਹਿਰ ਰਾਏ ਦਿੱਤੀ। ਭੱਠਾ ਮਾਲਕਾਂ ਨੇ ਆਪਣੀਆਂ ਮੁਸ਼ਕਿਲਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਦਾ ਨਿਵਾਰਣ ਵੀ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਇੰਜਨੀਅਰ ਗੁਲਸ਼ਨ ਕੁਮਾਰ, ਸਹਾਇਕ ਵਾਤਾਵਰਣ ਇੰਜਨੀਅਰ ਵਰੁਣ ਕੁਮਾਰ, ਜੂਨੀਅਰ ਇੰਜਨੀਅਰ ਜਸਵਿੰਦਰ ਸਿੰਘ ਅਤੇ ਰਣਜੀਤ ਸਿੰਘ ਵੀ ਹਾਜ਼ਰ ਸਨ। ਜ਼ਿਲ੍ਹਾ ਪ੍ਰਧਾਨ ਰਾਕੇਸ਼ ਅਗਰਵਾਲ ਅਤੇ ਭੱਠਾ ਮਾਲਕਾਂ ਨੇ ਸਾਰੇ ਅਧਿਕਾਰੀਆਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ। ਰਾਕੇਸ਼ ਅਗਰਵਾਲ ਨੇ ਅਧਿਕਾਰੀਆਂ ਦਾ ਭੱਠਾ ਸੁਚਾਰੂ ਢੰਗ ਨਾਲ ਚਲਾਉਣ ਬਾਰੇ ਵਿਸਤ੍ਰਿਤ ਜਾਣਕਾਰੀ ਦੇਣ ਲਈ ਦਿਲੋਂ ਧੰਨਵਾਦ ਕੀਤਾ। ਸਮਾਗਮ ਵਿੱਚ ਸੰਜੀਵ ਗੁਪਤਾ, ਜਗਸੀਰ ਸਿੰਘ, ਲਾਡਾ ਵੋਹਰਾ, ਬਲਟੇਕ ਸਿੰਘ, ਬਿੰਦਰਾ, ਸੁਖਦਿਆਲ ਜੀ ਸਮੇਤ ਫਿਰੋਜ਼ਪੁਰ, ਜ਼ੀਰਾ ਅਤੇ ਗੁਰੂਹਰਸਹਾਏ ਦੇ ਭੱਠਾ ਮਾਲਕ ਹਾਜ਼ਰ ਸਨ।



