
ਫ਼ਿਰੋਜ਼ਪੁਰ, 24 ਮਾਰਚ (ਬਾਲ ਕਿਸ਼ਨ)– ਪੰਜਾਬ ਪੀਡਬਲਯੂ ਡੀ ਵਰਕਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਪ੍ਰਧਾਨ ਮਲਕੀਤ ਸਿੰਘ ਨੇ ਦੱਸਿਆ ਕਿ 2 ਅਪ੍ਰੈਲ 2025 ਨੂੰ ਵਣ ਰੇਂਜ਼ ਅਫਸਰ ਦਫਤਰ ਗੇਟ ਅੱਗੇ ਫਿਰੋਜ਼ਪੁਰ ਧਰਨਾ ਦਿੱਤਾ ਜਾਵੇਗਾ। ਜਿਨ੍ਹਾਂ ਚਿਰ ਵਰਕਰਾਂ ਨੂੰ ਹੱਕ ਨਾ ਦਿੱਤਾ ਗਿਆ, ਉਨ੍ਹੀਂ ਦੇਰ ਧਰਨਾ ਜਾਰੀ ਰਹੇਗਾ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀਆਂ ਮੰਗਾਂ ਜਿਵੇਂ ਕਿ ਪੁਰਾਣੀ ਜਥੇਬੰਦੀ ਹੋਣ ਕਰਕੇ ਦੂਜੀਆਂ ਜਥੇਬੰਦੀਆਂ ਦੇ ਬਰਾਬਰ ਲਾਭ ਦਿੱਤਾ ਜਾਵੇ, ਹਟਾਏ ਵਰਕਰ ਕੰਮਾਂ ’ਤੇ ਲਗਾਏ ਜਾਣ, ਜਿਨ੍ਹਾਂ ਵਰਕਰਾਂ ਦੀਆਂ ਤਨਖਾਹਾਂ ਰਹਿੰਦੀਆਂ ਹਨ ਉਹ ਦਿੱਤੀਆਂ ਜਾਣ, ਵਰਕਰਾਂ ਦਾ ਰਿਕਾਰਡ ਸਰਕਾਰ ਨੂੰ ਬਣਾ ਕੇ ਭੇਜਿਆ ਜਾਵੇ, ਵਰਕਰਾਂ ਦੇ ਆਈ ਕਾਰਡ ਬਣਾ ਕੇ ਦਿੱਤੇ ਜਾਣ, ਕੰਮ ਕਰਨ ਲਈ ਲੋੜੀਂਦੇ ਸੰਦ ਮੁਹੱਈਆ ਕਰਵਾਏ ਜਾਣ, ਵਰਕਰਾਂ ਨੂੰ ਵਰਦੀਆਂ ਦਿੱਤੀਆਂ ਜਾਣ, ਸਰਵਿਸ ਬੁੱਕ ਕਾਪੀਆਂ ਬਣਾਈਆਂ ਜਾਣ। ਮਿੱਥੇ ਸਮੇਂ ਤੋਂ ਪਹਿਲਾਂ ਸਾਨੂੰ ਇਕ ਮੀਟਿੰਗ ਦਿੱਤੀ ਜਾਵੇ ਤਾਂ ਜੋ ਬੈਠ ਕੇ ਇਨ੍ਹਾਂ ਮਸਲਿਆਂ ਉਪਰ ਵਿਚਾਰ ਕਰਕੇ ਹੱਲ ਕੀਤਾ ਜਾਵੇ। ਜੇਕਰ ਮਿੱਥੇ ਸਮੇਂ 2 ਅਪ੍ਰੈਲ 2025 ਤੋਂ ਪਹਿਲਾਂ ਕੋਈ ਮੀਟਿੰਗ ਨਹੀਂ ਦਿੱਤੀ ਜਾਂਦੀ ਤਾਂ ਸਾਨੂੰ ਮਜ਼ਬੂਰ ਹੋ ਕੇ ਧਰਨਾ ਦੇਣਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਆਪ ਦੀ ਹੋਵੇਗੀ। ਮੀਟਿੰਗ ਵਿਚ ਬਗੀਚਾ ਸਿੰਘ, ਲਖਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ।



