ਪੰਜਾਬ ਦੇ ਸਾਬਕਾ ਮੰਤਰੀ ਦਾ ਪੁੱਤਰ ‘ਭਗੌੜਾ’ ਐਲਾਨਿਆ, ED ਅਦਾਲਤ ਦੇ ਹੁਕਮਾਂ ‘ਤੇ ਜਾਇਦਾਦ ਜ਼ਬਤ ਦੀ ਕਾਰਵਾਈ ਸ਼ੁਰੂ

ਐੱਸਐੱਸ ਨਗਰ, 1 ਅਗਸਤ : ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਸ਼ੁੱਕਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਵਿਸ਼ੇਸ਼ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ‘ਚ ‘ਭਗੌੜਾ’ ਐਲਾਨ ਕਰ ਦਿੱਤਾ ਹੈ। ਅਦਾਲਤ ਨੇ ਹਰਪ੍ਰੀਤ ਸਿੰਘ ਦੀਆਂ ਜਾਇਦਾਦਾਂ ਦਾ ਵੇਰਵਾ ਵੀ ਮੰਗਿਆ ਹੈ, ਤਾਂ ਜੋ ਅਪਰਾਧਿਕ ਜ਼ਾਬਤਾ ਸੰਹਿਤਾ (CrPC) ਦੀ ਧਾਰਾ 83 ਤਹਿਤ ਕੁਰਕੀ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ। ਅਦਾਲਤ ਦੇ ਹੁਕਮਾਂ ਅਨੁਸਾਰ, ‘ਦੋਸ਼ੀ ਹਰਪ੍ਰੀਤ ਸਿੰਘ ਪੁੱਤਰ ਸਾਧੂ ਸਿੰਘ ਧਰਮਸੋਤ ਖ਼ਿਲਾਫ਼ 28 ਮਾਰਚ 2025 ਨੂੰ ਐਲਾਨਨਾਮਾ ਜਾਰੀ ਕੀਤਾ ਗਿਆ ਸੀ। ਉਹ ਅਜੇ ਤੱਕ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। 30 ਦਿਨਾਂ ਦੀ ਕਾਨੂੰਨੀ ਮਿਆਦ ਖ਼ਤਮ ਹੋ ਚੁੱਕੀ ਹੈ, ਇਸ ਲਈ ਦੋਸ਼ੀ ਨੂੰ ਭਗੌੜਾ ਐਲਾਨਿਆ ਜਾਂਦਾ ਹੈ।” ਇਸ ਸਬੰਧ ਵਿੱਚ ਸਬੰਧਤ ਪੁਲਿਸ ਥਾਣੇ ਨੂੰ ਵੀ ਲੋੜੀਂਦੀ ਸੂਚਨਾ ਭੇਜੀ ਗਈ ਹੈ।
ਘਰ ਅਤੇ ਜਨਤਕ ਥਾਵਾਂ ‘ਤੇ ਚਿਪਕਾਏ ਗਏ ਨੋਟਿਸ
ਅਦਾਲਤ ਦੇ ਹੁਕਮਾਂ ਦੀ ਕਾਪੀ ਹਰਪ੍ਰੀਤ ਸਿੰਘ ਦੇ ਘਰ ਅਮਲੋਹ, ਫਤਹਿਗੜ੍ਹ ਸਾਹਿਬ ਵਿਖੇ ਚਿਪਕਾਈ ਗਈ ਹੈ। ਇਸ ਤੋਂ ਇਲਾਵਾ ਇੱਕ ਕਾਪੀ ਜਨਤਕ ਥਾਂ ‘ਤੇ ਅਤੇ ਤੀਜੀ ਕਾਪੀ ਮੋਹਾਲੀ ਅਦਾਲਤ ਦੇ ਨੋਟਿਸ ਬੋਰਡ ‘ਤੇ ਵੀ ਲਗਾਈ ਗਈ ਹੈ। ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਈ.ਡੀ. ਨੇ ਜਨਵਰੀ 2024 ਵਿੱਚ ਮਨੀ ਲਾਂਡਰਿੰਗ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ‘ਤੇ ਜੰਗਲਾਤ ਵਿਭਾਗ ਵਿੱਚ ਭ੍ਰਿਸ਼ਟਾਚਾਰ ਅਤੇ ਨਾਜਾਇਜ਼ ਕਮਾਈ ਰਾਹੀਂ ਕਰੋੜਾਂ ਰੁਪਏ ਦੀ ਮਨੀ ਲਾਂਡਰਿੰਗ ਕਰਨ ਦਾ ਦੋਸ਼ ਹੈ। ਫਿਲਹਾਲ ਧਰਮਸੋਤ ਇਸ ਮਾਮਲੇ ਵਿੱਚ ਜ਼ਮਾਨਤ ‘ਤੇ ਬਾਹਰ ਹਨ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 19 ਅਗਸਤ ਲਈ ਤੈਅ ਕੀਤੀ ਹੈ।



